ਤਪਾ ਪੁਲਸ ਨੇ ਭੁੱਕੀ ਚੂਰਾ ਪੋਸਤ ਸਪਲਾਈ ਕਰਨ ਵਾਲੇ ਗਿਰੋਹ ਦਾ ਪਰਦਾਫਾਸ ਕੀਤਾ, ਤਿੰਨ ਖਿਲਾਫ ਮਾਮਲਾ ਦਰਜ
ਤਪਾ ਮੰਡੀ 14 ਮਾਰਚ (ਲੁਭਾਸ਼ ਸਿੰਗਲਾ, ਵਿਸ਼ਵਜੀਤ ਸ਼ਰਮਾ) – ਥਾਣਾ ਤਪਾ ਦੀ ਪੁਲਿਸ ਵੱਲੋਂ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਭੁੱਕੀ ਚੂਰਾ ਪੋਸਤ ਦੀ ਤਸਕਰੀ ਕਰਨ ਵਾਲੇ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਭੁੱਕੀ ਪੋਸਤ ਸਣੇ ਗਿਰਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ।
ਥਾਣਾ ਤਪਾ ਦੇ ਇੰਚਾਰਜ ਸ਼ਰੀਫ਼ ਖਾਂ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਦੀਆਂ ਹਦਾਇਤਾਂ ਤਹਿਤ ਨਸ਼ਿਆਂ ਖਿਲਾਫ ਵਿਢੀ ਮੁਹਿੰਮ 'ਚ ਜਦ ਏਐਸਆਈ ਰਣਜੀਤ ਸਿੰਘ ਪੁਲਿਸ ਪਾਰਟੀ ਸਮੇਤ ਤਾਜੋਕੇ–ਕੇਚੀਆ ਤਪਾ ਇਲਾਕੇ ਵਿੱਚ ਗਸ਼ਤ ਅਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕਰ ਰਹੇ ਸਨ। ਇਸ ਦੌਰਾਨ ਮੁਖਬਰ ਨੇ ਪੁਲਿਸ ਨੂੰ ਇਤਲਾਹ ਦਿੱਤੀ ਗਈ ਕਿ ਸੁਖਵਿੰਦਰ ਸਿੰਘ ਵਾਸੀ ਘੁੰਨਸ, ਹੈਪੀ ਵਾਸੀ ਘੁੰਨਸ ਅਤੇ ਮੋਹਨੀ ਵਾਸੀ ਹੰਡਿਆਇਆ ਨੇ ਇਕ ਗਿਰੋਹ ਬਣਾਇਆ ਹੋਇਆ ਹੈ। ਇਹ ਲੋਕ ਬਾਹਰਲੇ ਰਾਜਾਂ ਤੋਂ ਸਸਤੇ ਭਾਅ ‘ਤੇ ਭੁੱਕੀ ਚੂਰਾ ਪੋਸਤ ਲਿਆ ਕੇ ਇਲਾਕੇ ਵਿੱਚ ਮਹਿੰਗੇ ਭਾਅ ‘ਤੇ ਵੇਚਦੇ ਹਨ।
ਮੁਖਬਰ ਨੇ ਇਹ ਵੀ ਦੱਸਿਆ ਕਿ ਸੁਖਵਿੰਦਰ ਸਿੰਘ ਆਪਣੇ ਟਰਾਲਾ ਰਾਹੀਂ ਬਾਹਰਲੇ ਰਾਜਾਂ ਤੋਂ ਸਮਾਨ ਦੇ ਨਾਲ ਲੁਕਾ ਕੇ ਭਾਰੀ ਮਾਤਰਾ ਵਿੱਚ ਭੁੱਕੀ ਚੂਰਾ ਪੋਸਤ ਲਿਆਉਂਦਾ ਹੈ ਅਤੇ ਉਸ ਦਾ ਹੈਲਪਰ ਹੈਪੀ ਉਸਦੀ ਮਦਦ ਕਰਦਾ ਹੈ। ਦੋਵੇਂ ਵਿਅਕਤੀ ਇਹ ਨਸ਼ੀਲਾ ਸਮਾਨ ਮੋਹਨੀ ਨੂੰ ਸਪਲਾਈ ਕਰਦੇ ਹਨ, ਜੋ ਇਸਨੂੰ ਅੱਗੇ ਵੇਚਦਾ ਹੈ ਅਤੇ ਮੋਹਨੀ ਆਪਣੀ ਕਾਰ ਵਿੱਚ ਇਹ ਨਸ਼ੀਲਾ ਸਮਾਨ ਲੈਣ ਲਈ ਤਪਾ ਨੇੜੇ ਡੇਨ ਪਟੜੀ ਪਹੁੰਚਿਆ ਹੋਇਆ ਸੀ। ਸੂਚਨਾ ਦੇ ਆਧਾਰ ‘ਤੇ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਸੁਖਵਿੰਦਰ ਸਿੰਘ, ਹੈਪੀ ਅਤੇ ਮੋਹਨੀ ਖਿਲਾਫ ਐਨ.ਡੀ.ਪੀ.ਐਸ ਐਕਟ ਹੇਠ ਮਾਮਲਾ ਦਰਜ ਕਰ ਲਿਆ ਹੈ।
ਥਾਣਾ ਤਪਾ ਪੁਲਿਸ ਵੱਲੋਂ ਇਸ ਮਾਮਲੇ ਦੀ ਅਗਲੀ ਤਫਤੀਸ਼ ਏਐਸਆਈ ਰਣਜੀਤ ਸਿੰਘ ਨੂੰ ਸੌਂਪੀ ਗਈ ਹੈ ਅਤੇ ਕੰਟਰੋਲ ਰੂਮ ਬਰਨਾਲਾ ਤੇ ਉੱਚ ਅਧਿਕਾਰੀਆਂ ਨੂੰ ਵੀ ਇਸ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ। ਪੁਲਿਸ ਵੱਲੋਂ ਨਾਮਜਦ ਵਿਅਕਤੀਆਂ ਨੂੰ ਗਿਰਫਤਾਰ ਕਰਕੇ ਉਹਨਾਂ ਦੇ ਕਬਜ਼ੇ ਵਿੱਚ ਦੋ ਕੁਇੰਟਲ ਭੁੱਕੀ ਵੀ ਬਰਾਮਦ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।