ਤਪਾ ਸ਼ਹਿਰ ਦੀ ਸੁਰੱਖਿਆਂ ਵਾਲੇ ਬਹੁ ਲੱਖੀ ਸੀ.ਸੀ.ਟੀ.ਵੀ. ਕੈਮਰੇ ਕਈ ਮਹੀਨਿਆਂ ਤੋਂ ਬੰਦ, ਠੇਕੇਦਾਰ ਦੀ ਲਾਪਰਵਾਹੀ ਨੇ ਸ਼ਹਿਰ ਦੀ ਸੁਰੱਖਿਆ ਨੂੰ ਪਾਇਆ ਖਤਰੇ ’ਚ
*ਸਾਬਕਾ ਨਗਰ ਕੌਂਸਲ ਪ੍ਰਧਾਨ ਡਾ. ਸੋਨਿਕਾ ਬਾਂਸਲ ਦੇ ਯਤਨਾਂ ਸਦਕਾ ਸ਼ੁਰੂ ਹੋਇਆ ਸੀ ਮਹੱਤਵਪੂਰਨ ਪ੍ਰੋਜੈਕਟ, ਪੁਲਿਸ ਵੱਲੋਂ ਵਾਰ-ਵਾਰ ਸੰਪਰਕ ਕਰਨ ਦੇ ਬਾਵਜੂਦ ਠੇਕੇਦਾਰ ਫੋਨ ਚੁੱਕਣ ਨੂੰ ਵੀ ਤਿਆਰ ਨਹੀਂ*
7ਡੇਅ ਨਿਊਜ਼ ਸਰਵਿਸ, ਤਪਾ ਮੰਡੀ : ਜ਼ਿਲ੍ਹਾ ਬਰਨਾਲਾ ਦੇ ਸ਼ਹਿਰ ਤਪਾ ਅੰਦਰ ਅਪਰਾਧਿਕ ਗਤੀਵਿਧੀਆਂ ਨੂੰ ਠੱਲ੍ਹ ਪਾਉਣ ਅਤੇ ਸ਼ਹਿਰੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਨਗਰ ਕੌਂਸਲ ਵੱਲੋਂ ਲੱਖਾਂ ਰੁਪਏ ਦੀ ਲਾਗਤ ਨਾਲ ਲਗਾਏ ਗਏ ਸੀ.ਸੀ.ਟੀ.ਵੀ. ਕੈਮਰੇ ਪਿਛਲੇ ਕਈ ਮਹੀਨਿਆਂ ਤੋਂ ਬੰਦ ਪਏ ਹੋਣ ਕਾਰਨ ਚਿੱਟਾ ਹਾਥੀ ਸਾਬਤ ਹੋ ਰਹੇ ਹਨ। ਕਰੀਬ 50.92 ਲੱਖ ਰੁਪਏ ਦੀ ਲਾਗਤ ਨਾਲ ਸ਼ਹਿਰ ਵਿੱਚ ਲਗਾਏ ਗਏ 88 ਆਧੁਨਿਕ ਕੈਮਰਿਆਂ ਦਾ ਮਕਸਦ ਜਿੱਥੇ ਅਪਰਾਧਾਂ ਨੂੰ ਰੋਕਣਾ ਸੀ, ਉੱਥੇ ਹੀ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਾਅਦ ਮੁਲਜ਼ਮਾਂ ਤੱਕ ਪਹੁੰਚਣ ਲਈ ਪੁਲਿਸ ਨੂੰ ਅਹਿਮ ਸਬੂਤ ਮੁਹੱਈਆ ਕਰਵਾਉਣਾ ਵੀ ਸੀ। ਪਰ ਮੌਜੂਦਾ ਸਮੇਂ ਇਨ੍ਹਾਂ ਕੈਮਰਿਆਂ ਦਾ ਬੰਦ ਹੋਣਾ ਕਈ ਸਵਾਲ ਖੜ੍ਹੇ ਕਰ ਰਿਹਾ ਹੈ। ਜ਼ਿਕਰਯੋਗ ਹੈ ਕਿ ਤਪਾ ਸ਼ਹਿਰ ਦੀ ਸੁਰੱਖਿਆ ਨੂੰ ਨਵੀਂ ਦਿਸ਼ਾ ਦੇਣ ਲਈ ਇਹ ਮਹੱਤਵਪੂਰਨ ਪ੍ਰੋਜੈਕਟ ਉਸ ਸਮੇਂ ਦੀ ਨਗਰ ਕੌਂਸਲ ਪ੍ਰਧਾਨ ਡਾ. ਸੋਨਿਕਾ ਬਾਂਸਲ ਦੇ ਕਾਰਜਕਾਲ ਦੌਰਾਨ ਸ਼ੁਰੂ ਕੀਤਾ ਗਿਆ ਸੀ। ਉਨ੍ਹਾਂ ਵੱਲੋਂ ਸ਼ਹਿਰ ਵਾਸੀਆਂ ਦੀ ਸੁਰੱਖਿਆ ਅਤੇ ਪੁਲਿਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਦੇ ਮਕਸਦ ਨਾਲ ਇਸ ਪ੍ਰੋਜੈਕਟ ਨੂੰ ਨੇਪਰੇ ਚਾੜ੍ਹਨ ਲਈ ਵਿਸ਼ੇਸ਼ ਉਪਰਾਲਾ ਕੀਤਾ ਗਿਆ ਸੀ। ਸ਼ਹਿਰ ਦੇ ਵੱਖ-ਵੱਖ ਮੁੱਖ ਚੌਕਾਂ, ਸੜਕਾਂ ਅਤੇ ਸੰਵੇਦਨਸ਼ੀਲ ਥਾਵਾਂ ’ਤੇ 88 ਦੇ ਕਰੀਬ ਆਧੁਨਿਕ ਸੀ.ਸੀ.ਟੀ.ਵੀ. ਕੈਮਰੇ ਲਗਾਏ ਗਏ ਸਨ। ਇਨ੍ਹਾਂ ਕੈਮਰਿਆਂ ਰਾਹੀਂ ਸ਼ਹਿਰ ਵਿੱਚ ਦਾਖਲ ਹੋਣ ਅਤੇ ਬਾਹਰ ਜਾਣ ਵਾਲੇ ਵਾਹਨਾਂ ਦੀ ਨਿਗਰਾਨੀ ਕਰਨ ਦੇ ਨਾਲ-ਨਾਲ ਸ਼ੱਕੀ ਵਿਅਕਤੀਆਂ ਦੀਆਂ ਗਤੀਵਿਧੀਆਂ ’ਤੇ ਵੀ ਨਜ਼ਰ ਰੱਖਣ ਦੀ ਵਿਵਸਥਾ ਕੀਤੀ ਗਈ ਸੀ। ਇਸ ਪ੍ਰੋਜੈਕਟ ਦੀ ਅਹਿਮੀਅਤ ਦਾ ਅੰਦਾਜ਼ਾ ਇਸ ਗੱਲ ਤੋਂ ਵੀ ਲਗਾਇਆ ਜਾ ਸਕਦਾ ਹੈ ਕਿ ਪਿਛਲੇ ਸਮੇਂ ਦੌਰਾਨ ਸ਼ਹਿਰ ਵਿੱਚ ਵਾਪਰੀਆਂ ਕੁਝ ਅਣਸੁਖਾਵੀਆਂ ਘਟਨਾਵਾਂ ਨੂੰ ਸੁਲਝਾਉਣ ਲਈ ਇਨ੍ਹਾਂ ਕੈਮਰਿਆਂ ਦੀ ਫੁਟੇਜ ਪੁਲਿਸ ਲਈ ਕਾਫ਼ੀ ਸਹਾਇਕ ਸਾਬਤ ਹੋਈ ਸੀ। ਅਜਿਹੇ ਵਿੱਚ ਇਨ੍ਹਾਂ ਕੈਮਰਿਆਂ ਦਾ ਲੰਮੇ ਸਮੇਂ ਤੋਂ ਬੰਦ ਰਹਿਣਾ ਨਾ ਸਿਰਫ਼ ਸ਼ਹਿਰ ਦੀ ਸੁਰੱਖਿਆ ਪ੍ਰਣਾਲੀ ਲਈ ਚਿੰਤਾ ਦਾ ਵਿਸ਼ਾ ਹੈ, ਸਗੋਂ ਲੱਖਾਂ ਰੁਪਏ ਦੇ ਸਰਕਾਰੀ ਖਰਚ ਦੀ ਉਪਯੋਗਤਾ ’ਤੇ ਵੀ ਸਵਾਲ ਖੜ੍ਹੇ ਕਰਦਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਨ੍ਹਾਂ ਕੈਮਰਿਆਂ ਵਿੱਚ ਬਿਜਲੀ ਸਪਲਾਈ ਬੰਦ ਹੋਣ ਦੀ ਸੂਰਤ ਵਿੱਚ ਲੋੜੀਂਦੇ ਬੈਟਰੀ ਬੈਕਅੱਪ ਦੀ ਵਿਵਸਥਾ ਵੀ ਨਹੀਂ ਹੈ। ਅੱਜ ਦੇ ਤਕਨੀਕੀ ਯੁੱਗ ਵਿੱਚ ਜਦੋਂ ਛੋਟੇ ਤੋਂ ਛੋਟੇ ਕੰਪਿਊਟਰ ਸਿਸਟਮ ਨੂੰ ਵੀ ਬਿਜਲੀ ਬੰਦ ਹੋਣ ’ਤੇ ਬੈਕਅੱਪ ਦੇਣ ਦੀ ਵਿਵਸਥਾ ਕੀਤੀ ਜਾਂਦੀ ਹੈ, ਤਾਂ ਲੱਖਾਂ ਰੁਪਏ ਦੀ ਲਾਗਤ ਵਾਲੇ ਸ਼ਹਿਰੀ ਸੁਰੱਖਿਆ ਪ੍ਰੋਜੈਕਟ ਵਿੱਚ ਇਸ ਪੱਖ ਨੂੰ ਅਣਗੌਲਿਆ ਕਰਨਾ ਵੀ ਜਾਂਚ ਦਾ ਵਿਸ਼ਾ ਬਣਦਾ ਹੈ। ਇਸ ਸਬੰਧੀ ਥਾਣਾ ਤਪਾ ਦੇ ਮੁਖੀ ਇੰਸਪੈਕਟਰ ਹਰਸਿਮਰਨਜੀਤ ਸਿੰਘ, ਜਿਨ੍ਹਾਂ ਨੇ ਕੁਝ ਦਿਨ ਪਹਿਲਾਂ ਹੀ ਆਪਣਾ ਅਹੁਦਾ ਸੰਭਾਲਿਆ ਹੈ, ਨੇ ਵੀ ਕੈਮਰਿਆਂ ਦੇ ਬੰਦ ਹੋਣ ’ਤੇ ਚਿੰਤਾ ਪ੍ਰਗਟ ਕੀਤੀ ਹੈ। ਉਨ੍ਹਾਂ ਦੱਸਿਆ ਕਿ ਸਬੰਧਤ ਠੇਕੇਦਾਰ ਨਾਲ ਕਈ ਵਾਰ ਫੋਨ ਰਾਹੀਂ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਜਾ ਚੁੱਕੀ ਹੈ, ਪਰ ਠੇਕੇਦਾਰ ਫੋਨ ਚੁੱਕਣ ਦੀ ਵੀ ਜ਼ਹਿਮਤ ਨਹੀਂ ਕਰ ਰਿਹਾ। ਜਦੋਂ ਪੁਲਿਸ ਪ੍ਰਸ਼ਾਸਨ ਵੱਲੋਂ ਸ਼ਹਿਰ ਦੀ ਸੁਰੱਖਿਆ ਨਾਲ ਜੁੜੇ ਅਹਿਮ ਮਾਮਲੇ ਵਿੱਚ ਵਾਰ-ਵਾਰ ਸੰਪਰਕ ਕੀਤਾ ਜਾ ਰਿਹਾ ਹੋਵੇ ਅਤੇ ਠੇਕੇਦਾਰ ਵੱਲੋਂ ਕੋਈ ਹੁੰਗਾਰਾ ਨਾ ਦਿੱਤਾ ਜਾਵੇ ਤਾਂ ਇਹ ਉਸ ਦੀ ਜਵਾਬਦੇਹੀ ਅਤੇ ਸੇਵਾ ਪ੍ਰਤੀ ਗੰਭੀਰਤਾ ’ਤੇ ਵੱਡਾ ਸਵਾਲ ਹੈ। ਸ਼ਹਿਰੀਆਂ ਦਾ ਕਹਿਣਾ ਹੈ ਕਿ ਜੇਕਰ ਕੈਮਰੇ ਲਗਾਉਣ ਤੋਂ ਬਾਅਦ ਉਨ੍ਹਾਂ ਦੀ ਸਾਂਭ-ਸੰਭਾਲ ਅਤੇ ਮੁਰੰਮਤ ਦੀ ਜ਼ਿੰਮੇਵਾਰੀ ਵੀ ਠੇਕੇਦਾਰ ਦੀ ਹੈ, ਜਿਸ ਨੂੰ ਕੈਮਰਿਆਂ ਨੂੰ ਲਗਾਏ ਅਜੇ ਸਾਲ ਭਇਰ ਵੀ ਨ੍ਹੀ ਹੋਇਆ ਕਿਉਕਿ ਇਸ ਦਾ ਰਸਮੀ ਉਦਘਾਟਨ 10 ਅਪ੍ਹੇਨ 2026 ਨੂੰ ਹੋਇਆ ਹੈ। ਤਾਂ ਉਸ ਨੂੰ ਆਪਣੀ ਜ਼ਿੰਮੇਵਾਰੀ ਤੋਂ ਭੱਜਣ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ। ਸਬੰਧਤ ਵਿਭਾਗ ਨੂੰ ਚਾਹੀਦਾ ਹੈ ਕਿ ਠੇਕੇਦਾਰ ਨਾਲ ਹੋਏ ਸਮਝੌਤੇ ਦੀ ਜਾਂਚ ਕਰਕੇ ਉਸ ਦੀਆਂ ਜ਼ਿੰਮੇਵਾਰੀਆਂ ਤੈਅ ਕੀਤੀਆਂ ਜਾਣ ਅਤੇ ਲਾਪਰਵਾਹੀ ਸਾਹਮਣੇ ਆਉਣ ’ਤੇ ਬਣਦੀ ਕਾਰਵਾਈ ਕੀਤੀ ਜਾਵੇ। ਇਸ ਦੇ ਨਾਲ ਹੀ ਨਗਰ ਕੌਂਸਲ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਪੁਲਿਸ ਪ੍ਰਸ਼ਾਸਨ ਨਾਲ ਤਾਲਮੇਲ ਕਰਕੇ ਸਾਰੇ 88 ਕੈਮਰਿਆਂ ਨੂੰ ਤੁਰੰਤ ਚਾਲੂ ਕਰਵਾਇਆ ਜਾਵੇ ਅਤੇ ਉਨ੍ਹਾਂ ਦੀ ਨਿਯਮਤ ਜਾਂਚ, ਮੁਰੰਮਤ ਤੇ ਬਿਜਲੀ ਬੈਕਅੱਪ ਦਾ ਪੱਕਾ ਪ੍ਰਬੰਧ ਕੀਤਾ ਜਾਵੇ। ਕਿਉਂਕਿ ਸ਼ਹਿਰ ਦੀ ਸੁਰੱਖਿਆ ਨਾਲ ਜੁੜਿਆ ਇਹ ਪ੍ਰੋਜੈਕਟ ਕਿਸੇ ਇੱਕ ਵਿਭਾਗ ਜਾਂ ਠੇਕੇਦਾਰ ਦੀ ਨਿੱਜੀ ਜ਼ਿੰਮੇਵਾਰੀ ਨਹੀਂ, ਸਗੋਂ ਸਮੁੱਚੇ ਸ਼ਹਿਰ ਵਾਸੀਆਂ ਦੇ ਹਿੱਤਾਂ ਨਾਲ ਜੁੜਿਆ ਹੋਇਆ ਹੈ। ਜਨਤਕ ਖਜ਼ਾਨੇ ਵਿੱਚੋਂ ਖਰਚੇ ਗਏ 51 ਲੱਖ ਰੁਪਏ ਦਾ ਅਸਲ ਮਕਸਦ ਤਾਂ ਹੀ ਪੂਰਾ ਹੋਵੇਗਾ ਜਦੋਂ ਇਹ ਕੈਮਰੇ ਸਿਰਫ਼ ਖੰਭਿਆਂ ਦੀ ਸ਼ੋਭਾ ਬਣਨ ਦੀ ਬਜਾਏ ਚੌਵੀ ਘੰਟੇ ਸ਼ਹਿਰ ਦੀ ਸੁਰੱਖਿਆ ਲਈ ਆਪਣੀ ਭੂਮਿਕਾ ਨਿਭਾਉਣਗੇ। ਮਾਮਲੇ ਸਬੰਧੀ ਨਗਰ ਕੌਸਲ ਦੇ ਕੌਸਲਰ ਧਰਮਪਾਲ ਸ਼ਰਮਾ ਦਾ ਕਹਿਣਾ ਹੈ ਕਿ ਇਸ ਸਬੰਧ ਵਿਚ ਨਗਰ ਕੌਸਲ ਅੰਦਰ ਮੀਟਿੰਗ ਕਰਕੇ ਠੇਕੇਦਾਰ ਖਿਲਾਫ ਪੁਲਿਸ ਕੋਲ ਇਕ ਲਿਖਤੀ ਸ਼ਿਕਾਇਤ ਦਰਜ ਕਰਵਾਈ ਜਾਵੇਗੀ ਅਤੇ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਵਾਉਣ ਲਈ ਲਗਾਤਾਰ ਯਤਨ ਕੀਤੇ ਜਾਣਗੇ।