ਤਪਾ ਦੇ ਹੋਟਲ ਵਿੱਚ ਔਰਤ ਦਾ ਪ੍ਰੇਮੀ ਹੀ ਕਾਤਲ ਬਣਿਆ, ਸਰੀਰ ’ਤੇ ਤੇਜ਼ਧਾਰ ਹਥਿਆਰ ਨਾਲ ਕਈ ਹਮਲੇ ਦੇ ਨਿਸ਼ਾਨ
ਹੋਟਲ ਵਿੱਚ ਔਰਤ ਨੂੰ ਛੱਡ ਭੱਜਣ ਵਿਚ ਕਾਮਯਾਬ, ਪੁਲਿਸ ਪੜਤਾਲ ਵਿਚ ਜੁਟੀ,
ਬਰਨਾਲਾ/ਤਪਾ ਮੰਡੀ, 10 ਅਕਤੂਬਰ 7ਡੇਅ ਨਿਊਜ ਸਰਵਿਸ : ਸਥਾਨਕ ਬਰਨਾਲਾ ਬਠਿੰਡਾ ਰੋਡ ਤੇ ਖੰਭਾਂ ਵਾਂਗ ਖੁੱਲੇ ਹੋਟਲਾਂ ਵਿਚੋ ਇਕ ਹੋਟਲ ਵਿੱਚ ਇੱਕ ਨੋਜਵਾਨ ਔਰਤ ਦੀ ਲਾਸ਼ ਮਿਲਣ ਨਾਲ ਇਲਾਕੇ ਵਿੱਚ ਸਨਸਨੀ ਫੈਲ ਗਈ। ਮ੍ਰਿਤਕ ਔਰਤ ਦੀ ਪਛਾਣ ਜਸਵੀਰ ਕੌਰ (31), ਪਤਨੀ ਮੰਗਾ ਸਿੰਘ ਵਾਸੀ ਬਦਰਾ, ਹਾਲ ਆਬਾਦ ਬਾਜ਼ੀਗਰ ਬਸਤੀ ਤਪਾ ਵਜੋਂ ਹੋਈ ਹੈ। ਮੁੱਢਲੀ ਜਾਣਕਾਰੀ ਅਨੁਸਾਰ ਔਰਤ ਦੇ ਸਰੀਰ ’ਤੇ ਕਿਸੇ ਮਾਰੂ ਹਥਿਆਰ ਨਾਲ ਹਮਲਾ ਕੀਤੇ ਜਾਣ ਦੇ ਅੱਧੀ ਦਰਜਣ ਦੇ ਕਰੀਬ ਨਿਸ਼ਾਨ ਪਾਏ ਗਏ ਹਨ। ਘਟਨਾ ਦੀ ਸੂਚਨਾ ਮਿਲਦਿਆਂ ਹੀ ਤਪਾ ਪੁਲਿਸ ਮੌਕੇ ’ਤੇ ਪਹੁੰਚ ਗਈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਉਪ ਕਪਤਾਨ ਪੁਲਿਸ ਜਸਕਰਨ ਸਿੰਘ ਨੇ ਦੱਸਿਆ ਕਿ ਮ੍ਰਿਤਕ ਜਸਵੀਰ ਕੌਰ ਦੇ ਪਤੀ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਏ ਹਨ ਕਿ ਉਹ ਕੱਲ ਆਪਣੀ ਪਤਨੀ ਜਸਵੀਰ ਕੌਰ ਨੂੰ ਘਰ ਛੱਡ ਕੇ ਖੁਦ ਕੰਮ ਉਪਰ ਗਿਆ ਹੈ, ਪਰੰਤੂ ਘਰ ਪਰਤਣ ਵੇਲੇ ਉਸ ਦੀ ਪਤਨੀ ਘਰ ਨ੍ਹੀ ਸੀ, ਉਹ ਸ਼ਹਿਰ ਦੇ ਇਕ ਕੌਸਲਰ ਨੂੰ ਨਾਲ ਲੈ ਕੇ ਉਸ ਦੀ ਭਾਲ ਵਿਚ ਜੁਟ ਗਿਆ ਅਤੇ ਪਤਾ ਲੱਗਿਆ ਕਿ ਉਸ ਦੀ ਪਤਨੀ ਸ਼ਹਿਰ ਦੇ ਹੀ ਇਕ ਹੋਟਲ ਅੰਦਰ ਮ੍ਰਿਤਕ ਪਈ ਹੈ। ਪੀੜਿਤ ਨੇ ਪੁਲਿਸ ਕੋਲ ਖਦਸ਼ਾ ਜਾਹਿਰ ਕੀਤਾ ਕਿ ਉਸ ਦਾ ਅਮਨਦੀਪ ਸਿੰਘ ਵਾਸੀ ਬਦਰਾ ਨੇ ਕਥਿਤ ਤੌਰ ਤੇ ਕਤਲ ਕੀਤਾ ਹੈ। ਜਿਸ ਤੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਉਧਰ ਲੋਕਾਂ ਅਨੁਸਾਰ ਅਮਨਦੀਪ ਸਿੰਘ ਅਤੇ ਜਸਵੀਰ ਕੌਰ ਦੀ ਇਕ ਫੁਟੇਜ ਵੀ ਹੋਟਲ ਤੋ ਮਿਲੀ ਹੈ। ਜਿਸ ਵਿਚ ਦੋਵੇ ਜਣੇ ਦਿਨ ਵੇਲੇ ਹੋਟਲ ਵਿੱਚ ਆਏ ਸਨ ਪਰੰਤੂ ਬਾਅਦ ਦੁਪਹਿਰ ਉਕਤ ਵਿਅਕਤੀ ਹੋਟਲ ਤੋਂ ਇਹ ਕਹਿ ਕੇ ਚਲਾ ਗਿਆ ਕਿ ਉਹ ਬਾਜ਼ਾਰ ਵਿੱਚੋਂ ਕੁਝ ਸਮਾਨ ਲੈ ਕੇ ਵਾਪਸ ਆਉਂਦਾ ਹੈ। ਪਰੰਤੂ ਕਾਫ਼ੀ ਸਮਾਂ ਬੀਤ ਜਾਣ ਦੇ ਬਾਵਜੂਦ ਜਦੋਂ ਉਹ ਵਾਪਸ ਨਾ ਪਰਤਿਆ ਤਾਂ ਹੋਟਲ ਦੇ ਮੁਲਾਜ਼ਮਾਂ ਨੇ ਕਮਰੇ ਦੀ ਜਾਂਚ ਕੀਤੀ। ਇਸ ਦੌਰਾਨ ਔਰਤ ਮ੍ਰਿਤਕ ਹਾਲਤ ਵਿੱਚ ਮਿਲੀ। ਔਰਤ ਦੀ ਲਾਸ਼ ਮਿਲਣ ਤੋਂ ਬਾਅਦ ਹੋਟਲ ਪ੍ਰਬੰਧਕਾਂ ਵੱਲੋਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ। ਸੂਚਨਾ ਮਿਲਣ ’ਤੇ ਥਾਣਾ ਤਪਾ ਦੇ ਪੁਲਿਸ ਇੰਚਾਰਜ ਅਮਰੀਕ ਸਿੰਘ ਅਤੇ ਸਿਟੀ ਇੰਚਾਰਜ ਕੁਲਵੰਤ ਸਿੰਘ ਪੁਲਿਸ ਪਾਰਟੀ ਸਮੇਤ ਘਟਨਾ ਸਥਾਨ ’ਤੇ ਪਹੁੰਚੇ। ਪੁਲਿਸ ਅਧਿਕਾਰੀਆਂ ਨੇ ਮੌਕੇ ਦਾ ਜਾਇਜ਼ਾ ਲੈਂਦਿਆਂ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਅਤੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ। ਪੁਲਿਸ ਵੱਲੋਂ ਔਰਤ ਦੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਦੇ ਨਾਲ-ਨਾਲ ਹੋਟਲ ਵਿੱਚ ਆਉਣ ਅਤੇ ਜਾਣ ਵਾਲੇ ਵਿਅਕਤੀ ਸਬੰਧੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਪੁਲਿਸ ਵੱਲੋਂ ਸ਼ੱਕੀ ਵਿਅਕਤੀ ਦੀ ਭਾਲ ਵੀ ਸ਼ੁਰੂ ਕਰ ਦਿੱਤੀ ਗਈ ਹੈ। ਫਿਲਹਾਲ ਘਟਨਾ ਸਬੰਧੀ ਪੁਲਿਸ ਜਾਂਚ ਜਾਰੀ ਹੈ। ਮੌਤ ਦੇ ਅਸਲ ਕਾਰਨਾਂ ਅਤੇ ਘਟਨਾ ਪਿੱਛੇ ਦੀ ਸੱਚਾਈ ਦਾ ਖੁਲਾਸਾ ਪੁਲਿਸ ਜਾਂਚ ਅਤੇ ਅਗਲੀ ਕਾਨੂੰਨੀ ਕਾਰਵਾਈ ਤੋਂ ਬਾਅਦ ਹੀ ਹੋ ਸਕੇਗਾ। ਉਧਰ ਥਾਣਾ ਮੁੱਖੀ ਅਮਰੀਕ ਸਿੰਘ ਨੇ ਦੱਸਿਆਂ ਕਿ ਮ੍ਰਿਤਕ ਜਸਵੀਰ ਕੋਰ ਦੇ ਪਤੀ ਮੰਗਾ ਸਿੰਘ ਦੇ ਬਿਆਨਾ ਉਪਰ ਅਮਨਦੀਪ ਸਿੰਘ ਖਿਲਾਫ ਕਤਲ ਦੀ ਧਾਰਾ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।
ਬਰਨਾਲਾ-ਬਠਿੰਡਾ ਮੁੱਖ ਮਾਰਗ ’ਤੇ ਹੋਟਲਾਂ ਦੀ ਆੜ ’ਚ ਕਥਿਤ ਗੈਰ-ਕਾਨੂੰਨੀ ਸਰਗਰਮੀਆਂ, ਪੁਲਿਸ ਦੀ ਕਾਰਵਾਈ ’ਤੇ ਨਜ਼ਰਾਂ
ਨਾਬਾਲਗਾਂ ਦੀ ਸੁਰੱਖਿਆ ਅਤੇ ਹੋਟਲਾਂ ਵਿੱਚ ਪਛਾਣ ਪੱਤਰਾਂ ਦੀ ਜਾਂਚ ਯਕੀਨੀ ਬਣਾਉਣ ਦੀ ਉੱਠੀ ਮੰਗ
ਬਰਨਾਲਾ-ਬਠਿੰਡਾ ਮੁੱਖ ਮਾਰਗ ’ਤੇ ਖੁੰਭਾਂ ਵਾਂਗ ਉੱਗੇ ਹੋਟਲਾਂ ਵਿੱਚ ਕਥਿਤ ਤੌਰ ’ਤੇ ਹੋ ਰਹੀਆਂ ਸ਼ੱਕੀ ਸਰਗਰਮੀਆਂ ਨੂੰ ਲੈ ਕੇ ਸਵਾਲ ਉੱਠਣ ਲੱਗੇ ਹਨ। ਇਲਾਕੇ ਵਿੱਚ ਚਰਚਾ ਹੈ ਕਿ ਕੁਝ ਹੋਟਲਾਂ ਵਿੱਚ ਔਰਤਾਂ ਅਤੇ ਨੌਜਵਾਨ ਕੁੜੀਆਂ ਨੂੰ ਵਰਗਲਾ ਕੇ ਲਿਆਉਣ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ। ਇਸ ਦੇ ਨਾਲ ਹੀ ਕੁਝ ਹੋਟਲਾਂ ਵਿੱਚ ਆਉਣ ਵਾਲੇ ਜੋੜਿਆਂ ਦੇ ਪਛਾਣ ਪੱਤਰਾਂ ਦੀ ਢੁੱਕਵੀਂ ਜਾਂਚ ਨਾ ਕੀਤੇ ਜਾਣ ਦੇ ਵੀ ਦੋਸ਼ ਲੱਗ ਰਹੇ ਹਨ। ਸਵਾਲ ਇਹ ਹੈ ਕਿ ਜੇਕਰ ਹੋਟਲਾਂ ਵਿੱਚ ਆਉਣ ਵਾਲੇ ਵਿਅਕਤੀਆਂ ਦੀ ਪਛਾਣ ਦੀ ਪੁਸ਼ਟੀ ਕੀਤੇ ਬਿਨਾਂ ਕਮਰੇ ਮੁਹੱਈਆ ਕਰਵਾਏ ਜਾਂਦੇ ਹਨ ਤਾਂ ਅਜਿਹੀਆਂ ਥਾਵਾਂ ’ਤੇ ਕਿਸੇ ਅਣਸੁਖਾਵੀਂ ਘਟਨਾ ਨੂੰ ਰੋਕਣ ਦੀ ਜ਼ਿੰਮੇਵਾਰੀ ਕੌਣ ਨਿਭਾਏਗਾ? ਖ਼ਾਸ ਕਰਕੇ ਨਾਬਾਲਗ ਕੁੜੀਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਹੋਟਲ ਪ੍ਰਬੰਧਕਾਂ ਵੱਲੋਂ ਨਿਯਮਾਂ ਦੀ ਪਾਲਣਾ ਕਰਨਾ ਬੇਹੱਦ ਜ਼ਰੂਰੀ ਹੈ। ਜ਼ਿਕਰਯੋਗ ਹੈ ਕਿ ਬਰਨਾਲਾ ਬੱਸ ਸਟੈਂਡ ਦੇ ਸਾਹਮਣੇ ਸਥਿਤ ਇੱਕ ਹੋਟਲ ਵਿੱਚ ਨਾਬਾਲਗ ਕੁੜੀ ਨਾਲ ਪਿਛਲੇ ਸਮੇ ਵਾਪਰੀ ਘਟਨਾ ਤੋਂ ਬਾਅਦ ਹੋਟਲ ਮਾਲਕ ਖ਼ਿਲਾਫ਼ ਵੀ ਪੁਲਿਸ ਵੱਲੋਂ ਮਾਮਲਾ ਦਰਜ ਕੀਤੇ ਜਾਣ ਦੀ ਗੱਲ ਸਾਹਮਣੇ ਆਈ ਸੀ। ਇਸ ਘਟਨਾ ਨੇ ਹੋਟਲਾਂ ਵਿੱਚ ਸੁਰੱਖਿਆ ਪ੍ਰਬੰਧਾਂ ਅਤੇ ਪਛਾਣ ਪੱਤਰਾਂ ਦੀ ਜਾਂਚ ਸਬੰਧੀ ਸਵਾਲ ਖੜ੍ਹੇ ਕੀਤੇ ਸਨ। ਹੁਣ ਤਪਾ ਨੇੜਲੇ ਹੋਟਲਾਂ ਵਿੱਚ ਕਥਿਤ ਸ਼ੱਕੀ ਸਰਗਰਮੀਆਂ ਨੂੰ ਲੈ ਕੇ ਪੁਲਿਸ ਦੀ ਅਗਲੀ ਕਾਰਵਾਈ ’ਤੇ ਨਜ਼ਰਾਂ ਟਿਕੀਆਂ ਹੋਈਆਂ ਹਨ। ਲੋਕਾਂ ਦੀ ਮੰਗ ਹੈ ਕਿ ਪੁਲਿਸ ਵੱਲੋਂ ਹੋਟਲਾਂ ਦੀ ਨਿਯਮਤ ਜਾਂਚ ਕੀਤੀ ਜਾਵੇ, ਪਛਾਣ ਪੱਤਰਾਂ ਦੀ ਤਸਦੀਕ ਯਕੀਨੀ ਬਣਾਈ ਜਾਵੇ ਅਤੇ ਕਿਸੇ ਵੀ ਗੈਰ-ਕਾਨੂੰਨੀ ਗਤੀਵਿਧੀ ਵਿੱਚ ਸ਼ਾਮਲ ਪਾਏ ਜਾਣ ਵਾਲਿਆਂ ਖ਼ਿਲਾਫ਼ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇ। ਹਾਲਾਂਕਿ, ਤਪਾ ਨੇੜਲੇ ਹੋਟਲ ਸਬੰਧੀ ਦੋਸ਼ਾਂ ਦੀ ਪੁਲਿਸ ਵੱਲੋਂ ਪੁਸ਼ਟੀ ਹੋਣੀ ਅਜੇ ਬਾਕੀ ਹੈ।