2027 ਦੀ ਚੋਣ ਲੜਾਈ ਸਪਸ਼ਟ, ਅਕਾਲੀ ਦਲ ਦਿੱਲੀ ਦੀਆਂ ਤਾਕਤਾਂ ਖਿਲਾਫ ਡੱਟਿਆ : ਸੁਖਬੀਰ ਬਾਦਲ
‘ਪੰਜਾਬ ਬਚਾਓ’ ਮੁਹਿੰਮ ਤਹਿਤ ਹਲਕਾ ਭਦੌੜ ਦੇ ਪਿੰਡ ਤਾਜੋਕੇ ਵਿਖੇ ਰੈਲੀ ਨੂੰ ਕੀਤਾ ਸੰਬੋਧਨ, ਵਰਦੇ ਮੀਂਹ ‘ਚ ਵੀ ਡਟੇ ਰਹੇ ਵਰਕਰ
ਤਪਾ ਮੰਡੀ 15 ਮਾਰਚ (ਲੁਭਾਸ਼ ਸਿੰਗਲਾ, ਵਿਸ਼ਵਜੀਤ ਸ਼ਰਮਾ) -– ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵਿਧਾਨ ਸਭਾ ਹਲਕਾ ਭਦੌੜ ਦੇ ਪਿੰਡ ਤਾਜੋਕੇ ਵਿਖੇ ਹਲਕਾ ਇੰਚਾਰਜ ਐਡਵੋਕੇਟ ਸਤਨਾਮ ਸਿੰਘ ਰਾਹੀ ਦੀ ਅਗਵਾਈ ਹੇਠ ਪੰਜਾਬ ਬਚਾਓ ਮੁਹਿੰਮ ਤਹਿਤ ਇਕ ਵੱਡੀ ਰੈਲੀ ਨੂੰ ਸੰਬੋਧਨ ਕਰਦਿਆਂਬਕਿਹਾ ਹੈ ਕਿ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਸਿਆਸੀ ਮੁਕਾਬਲਾ ਹੁਣ ਸਪਸ਼ਟ ਹੋ ਚੁੱਕਾ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨੇ ਦਿੱਲੀ ਆਧਾਰਿਤ ਸਿਆਸੀ ਤਾਕਤਾਂ ਦੇ ਖਿਲਾਫ ਡੱਟ ਕੇ ਮੋਰਚਾ ਸੰਭਾਲ ਲਿਆ ਹੈ। ਉਨ੍ਹਾਂ ਕਿਹਾ ਕਿ ਭਾਵੇਂ ਉਹ ਕਾਂਗਰਸ ਹੋਵੇ, ਆਮ ਆਦਮੀ ਪਾਰਟੀ ਜਾਂ ਭਾਰਤੀ ਜਨਤਾ ਪਾਰਟੀ ਹੋਵੇ, ਇਹ ਸਾਰੀਆਂ ਪਾਰਟੀਆਂ ਦਿੱਲੀ ਤੋਂ ਚੱਲਦੀਆਂ ਹਨ ਅਤੇ ਪੰਜਾਬ ‘ਤੇ ਰਾਜ ਕਰਨ ਲਈ ਆਉਂਦੀਆਂ ਹਨ, ਜਦਕਿ ਸ਼੍ਰੋਮਣੀ ਅਕਾਲੀ ਦਲ ਸਦਾ ਪੰਜਾਬੀਆਂ ਦੀ ਸੇਵਾ ਲਈ ਵਚਨਬੱਧ ਰਹੀ ਹੈ। ਰੈਲੀ ਦੌਰਾਨ ਵਰਦੇ ਮੀਂਹ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਅਕਾਲੀ ਵਰਕਰ ਅਤੇ ਸਮਰਥਕ ਮੈਦਾਨ ਵਿੱਚ ਡਟੇ ਰਹੇ। ਸੁਖਬੀਰ ਸਿੰਘ ਬਾਦਲ ਨੇ ਵਰਕਰਾਂ ਦੇ ਇਸ ਜਜ਼ਬੇ ਅਤੇ ਸਮਰਪਣ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਜੋਸ਼ ਸਾਬਤ ਕਰਦਾ ਹੈ ਕਿ 2027 ਦੀਆਂ ਚੋਣਾਂ ਵਿੱਚ ਅਕਾਲੀ ਦਲ ਲਈ ਮੈਦਾਨ ਤਿਆਰ ਹੈ ਅਤੇ ਲੋਕਾਂ ਦਾ ਭਰੋਸਾ ਮੁੜ ਪਾਰਟੀ ਵੱਲ ਵੱਧ ਰਿਹਾ ਹੈ। ਉਨ੍ਹਾਂ ਰੈਲੀ ਨੂੰ ਸਫਲ ਬਣਾਉਣ ਲਈ ਹਲਕਾ ਇੰਚਾਰਜ ਐਡਵੋਕੇਟ ਸਤਨਾਮ ਸਿੰਘ ਰਾਹੀ ਅਤੇ ਉਨ੍ਹਾਂ ਦੀ ਪੂਰੀ ਟੀਮ ਦਾ ਧੰਨਵਾਦ ਵੀ ਕੀਤਾ।
ਪੰਜਾਬੀਆਂ ਨੂੰ ਹੋਰ ਤਜ਼ਰਬਿਆਂ ਤੋਂ ਬਚਣ ਦੀ ਅਪੀਲ*
ਸੁਖਬੀਰ ਬਾਦਲ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਹੋਰ ਰਾਜਨੀਤਿਕ ਤਜ਼ਰਬਿਆਂ ਤੋਂ ਗੁਰੇਜ਼ ਕਰਨ ਅਤੇ ਸੂਬੇ ਦੇ ਭਵਿੱਖ ਨੂੰ ਮਜ਼ਬੂਤ ਕਰਨ ਲਈ ਅਕਾਲੀ ਦਲ ਦਾ ਸਾਥ ਦੇਣ। ਉਨ੍ਹਾਂ ਕਿਹਾ ਕਿ ਸਿਰਫ ਸ਼੍ਰੋਮਣੀ ਅਕਾਲੀ ਦਲ ਹੀ ਅਜਿਹੀ ਪਾਰਟੀ ਹੈ ਜੋ ਹਮੇਸ਼ਾਂ ਪੰਜਾਬੀਆਂ ਦੇ ਚੰਗੇ-ਮੰਦੇ ਸਮੇਂ ਵਿੱਚ ਉਨ੍ਹਾਂ ਨਾਲ ਖੜ੍ਹੀ ਰਹੀ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਹੁਣ ਤੱਕ ਜੋ ਵੀ ਵੱਡਾ ਵਿਕਾਸ ਹੋਇਆ ਹੈ, ਉਹ ਜ਼ਿਆਦਾਤਰ ਅਕਾਲੀ ਦਲ ਦੀਆਂ ਸਰਕਾਰਾਂ ਦੇ ਦੌਰਾਨ ਹੀ ਹੋਇਆ ਹੈ। ਉਨ੍ਹਾਂ ਚਾਰ ਮਾਰਗੀ ਸੜਕਾਂ, ਸਿੰਚਾਈ ਸਹੂਲਤਾਂ ਦੇ ਵਿਸਥਾਰ, ਥਰਮਲ ਪਾਵਰ ਪਲਾਂਟਾਂ ਦੀ ਸਥਾਪਨਾ, ਹਵਾਈ ਅੱਡਿਆਂ ਦੇ ਵਿਕਾਸ ਅਤੇ ਪੰਜਾਬ ਨੂੰ ਬਿਜਲੀ ਸਰਪਲੱਸ ਸੂਬਾ ਬਣਾਉਣ ਵਰਗੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਆਟਾ-ਦਾਲ ਸਕੀਮ, ਸ਼ਗਨ ਸਕੀਮ ਅਤੇ ਬੁਢਾਪਾ ਪੈਨਸ਼ਨ ਵਰਗੀਆਂ ਸਮਾਜ ਭਲਾਈ ਯੋਜਨਾਵਾਂ ਨੂੰ ਵੀ ਅਕਾਲੀ ਸਰਕਾਰ ਦੀਆਂ ਵੱਡੀਆਂ ਉਪਲਬਧੀਆਂ ਕਰਾਰ ਦਿੱਤਾ। ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਆਪਣੀ ਸਰਕਾਰ ਦੇ ਦੌਰਾਨ ਅਜਿਹੀ ਇੱਕ ਵੀ ਪ੍ਰਾਪਤੀ ਦਾ ਜ਼ਿਕਰ ਨਹੀਂ ਕਰ ਸਕਦੀਆਂ ਜੋ ਲੋਕਾਂ ਦੀ ਭਲਾਈ ਲਈ ਕੀਤੀ ਗਈ ਹੋਵੇ।

ਪਿਛਲੇ ਨੌਂ ਸਾਲਾਂ ਵਿੱਚ ਪੰਜਾਬ ਨੂੰ ਨੁਕਸਾਨ
ਸੁਖਬੀਰ ਬਾਦਲ ਨੇ ਕਿਹਾ ਕਿ ਪਿਛਲੇ ਨੌਂ ਸਾਲਾਂ ਵਿੱਚ ਪੰਜਾਬ ਨੇ ਕਾਫੀ ਸੰਤਾਪ ਸਹਿੰਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀਆਂ ਸਰਕਾਰਾਂ ਨੇ ਸੂਬੇ ਦੇ ਸਰੋਤਾਂ ਦੀ ਲੁੱਟ ਕੀਤੀ ਹੈ ਅਤੇ ਪੰਜਾਬ ਨੂੰ ਆਰਥਿਕ ਤੌਰ ‘ਤੇ ਕਮਜ਼ੋਰ ਕੀਤਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਇਸ ਸਾਰੇ ਦਾ ਹਿਸਾਬ ਲਵੇਗਾ ਅਤੇ 2027 ਵਿੱਚ ਸਰਕਾਰ ਬਣਨ ‘ਤੇ ਭ੍ਰਿਸ਼ਟ ਆਗੂਆਂ ਖਿਲਾਫ ਕੜੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਅੱਗੇ ਕਿਹਾ ਕਿ ਜਿਹੜੇ ਲੋਕਾਂ ਨੇ ਪੰਜਾਬ ਦੇ ਖ਼ਜ਼ਾਨੇ ਨੂੰ ਲੁੱਟਿਆ ਹੈ, ਉਨ੍ਹਾਂ ਤੋਂ ਇਕ-ਇਕ ਰੁਪਇਆ ਵਾਪਸ ਲਿਆ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਮੌਜੂਦਾ ਸਰਕਾਰ ਵੱਲੋਂ ਦਰਜ ਕੀਤੇ ਗਏ ਕਈ ਕੇਸ ਰਾਜਨੀਤਿਕ ਪ੍ਰੇਰਿਤ ਹਨ ਅਤੇ ਅਕਾਲੀ ਦਲ ਦੀ ਸਰਕਾਰ ਬਣਨ ‘ਤੇ ਉਨ੍ਹਾਂ ਦੀ ਸਮੀਖਿਆ ਕੀਤੀ ਜਾਵੇਗੀ।
ਝੂਠੇ ਕੇਸਾਂ ਦੀ ਜਾਂਚ ਲਈ ਕਮਿਸ਼ਨ
ਸੁਖਬੀਰ ਬਾਦਲ ਨੇ ਐਲਾਨ ਕੀਤਾ ਕਿ ਜੇਕਰ ਅਕਾਲੀ ਦਲ ਦੀ ਸਰਕਾਰ ਬਣਦੀ ਹੈ ਤਾਂ ਝੂਠੇ ਕੇਸਾਂ ਦੀ ਸਮੀਖਿਆ ਲਈ ਇੱਕ ਵਿਸ਼ੇਸ਼ ਕਮਿਸ਼ਨ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਕਮਿਸ਼ਨ ਉਨ੍ਹਾਂ ਸਾਰੇ ਕੇਸਾਂ ਦੀ ਜਾਂਚ ਕਰੇਗਾ ਜੋ ਬੇਦੋਸ਼ ਲੋਕਾਂ ਜਾਂ ਰਾਜਨੀਤਿਕ ਵਿਰੋਧੀਆਂ ‘ਤੇ ਦਰਜ ਕੀਤੇ ਗਏ ਹਨ।
ਉਨ੍ਹਾਂ ਕਿਹਾ ਕਿ ਜੇਕਰ ਕਿਸੇ ਪੁਲਿਸ ਅਫਸਰ ਨੇ ਰਾਜਨੀਤਿਕ ਦਬਾਅ ਹੇਠ ਝੂਠੇ ਕੇਸ ਦਰਜ ਕੀਤੇ ਹਨ ਤਾਂ ਉਸ ਖਿਲਾਫ ਵੀ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।
ਨਿਵੇਸ਼ ਪੰਜਾਬ ਸੰਮੇਲਨ ‘ਤੇ ਵੀ ਸਵਾਲ
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਬੀਰ ਬਾਦਲ ਨੇ ਮੌਜੂਦਾ ਸਰਕਾਰ ਵੱਲੋਂ ਕਰਵਾਏ ਜਾ ਰਹੇ “ਇਨਵੈਸਟ ਪੰਜਾਬ” ਸੰਮੇਲਨ ‘ਤੇ ਵੀ ਸਵਾਲ ਉਠਾਏ। ਉਨ੍ਹਾਂ ਕਿਹਾ ਕਿ ਇਹ ਸੰਮੇਲਨ ਅਸਲ ਵਿੱਚ ਬੁਰੀ ਤਰ੍ਹਾਂ ਫੇਲ੍ਹ ਸਾਬਤ ਹੋਇਆ ਹੈ ਕਿਉਂਕਿ ਸਰਕਾਰ ਨੇ ਆਪਣੇ ਚਾਰ ਸਾਲਾਂ ਦੇ ਕਾਰਜਕਾਲ ਦੌਰਾਨ ਕੋਈ ਢੰਗ ਦੀ ਉਦਯੋਗਿਕ ਨੀਤੀ ਨਹੀਂ ਬਣਾਈ। ਉਨ੍ਹਾਂ ਦੋਸ਼ ਲਾਇਆ ਕਿ ਹੁਣ ਚੋਣਾਂ ਦੇ ਨੇੜੇ ਆਉਣ ਕਾਰਨ ਸਰਕਾਰ ਲੋਕਾਂ ਨੂੰ ਪ੍ਰਭਾਵਿਤ ਕਰਨ ਲਈ ਪ੍ਰਚਾਰ ਮੁਹਿੰਮ ਚਲਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਨਿਵੇਸ਼ਕਾਂ ਨੂੰ ਕੁਝ ਵਿਖਾਉਣਾ ਸੀ ਤਾਂ ਉਹ ਪ੍ਰਾਪਤੀਆਂ ਅਕਾਲੀ ਦਲ ਦੀ ਸਰਕਾਰ ਦੇ ਸਮੇਂ ਦੀਆਂ ਹੀ ਹਨ।

ਅਕਾਲੀ ਸਰਕਾਰ ਦੀ ਭਵਿੱਖੀ ਯੋਜਨਾ
ਸੁਖਬੀਰ ਬਾਦਲ ਨੇ ਕਿਹਾ ਕਿ ਅਗਲੀ ਅਕਾਲੀ ਸਰਕਾਰ ਪੰਜਾਬ ਦੇ ਵਿਕਾਸ ਲਈ ਕਈ ਨਵੇਂ ਕਦਮ ਚੁੱਕੇਗੀ। ਉਨ੍ਹਾਂ ਐਲਾਨ ਕੀਤਾ ਕਿ ਹਰ ਜ਼ਿਲ੍ਹੇ ਵਿੱਚ ਇੱਕ ਮੈਡੀਕਲ ਕਾਲਜ ਅਤੇ ਇੱਕ ਵੈਟਨਰੀ ਕਾਲਜ ਸਥਾਪਿਤ ਕੀਤਾ ਜਾਵੇਗਾ। ਇਨ੍ਹਾਂ ਵਿੱਚੋਂ 50 ਫੀਸਦੀ ਸੀਟਾਂ ਗਰੀਬ ਅਤੇ ਹੋਣਹਾਰ ਵਿਦਿਆਰਥੀਆਂ ਲਈ ਰਾਖਵੀਆਂ ਕੀਤੀਆਂ ਜਾਣਗੀਆਂ ਅਤੇ ਉਨ੍ਹਾਂ ਦੀ ਫੀਸ ਸਰਕਾਰ ਵੱਲੋਂ ਭਰੀ ਜਾਵੇਗੀ।ਉਨ੍ਹਾਂ ਕਿਹਾ ਕਿ ਅਕਾਲੀ ਦਲ ਸੂਬੇ ਵਿੱਚੋਂ ਗੈਂਗਸਟਰਵਾਦ ਅਤੇ ਨਸ਼ਾ ਮਾਫੀਆ ਦਾ ਪੂਰੀ ਤਰ੍ਹਾਂ ਖਾਤਮਾ ਕਰੇਗਾ। ਇਸ ਲਈ ਸਖ਼ਤ ਕਾਨੂੰਨ ਬਣਾਇਆ ਜਾਵੇਗਾ ਜਿਸ ਤਹਿਤ ਗੈਂਗਸਟਰਾਂ ਅਤੇ ਨਸ਼ਾ ਤਸਕਰਾਂ ਨੂੰ ਆਸਾਨੀ ਨਾਲ ਜ਼ਮਾਨਤ ਨਹੀਂ ਮਿਲੇਗੀ ਅਤੇ ਉਨ੍ਹਾਂ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਜਾਣਗੀਆਂ।
ਦਰਿਆਵਾਂ ਦੀ ਰੱਖਿਆ ਅਤੇ ਕੈਂਸਰ ਨਾਲ ਜੰਗ
ਸੁਖਬੀਰ ਬਾਦਲ ਨੇ ਕਿਹਾ ਕਿ ਅਗਲੀ ਅਕਾਲੀ ਸਰਕਾਰ ਦੀ ਇੱਕ ਹੋਰ ਤਰਜੀਹ ਸੂਬੇ ਦੇ ਦਰਿਆਵਾਂ ਦੀ ਰੱਖਿਆ ਕਰਨਾ ਹੋਵੇਗੀ। ਉਨ੍ਹਾਂ ਕਿਹਾ ਕਿ ਉਦਯੋਗਿਕ ਅਤੇ ਸੀਵਰੇਜ ਦਾ ਇੱਕ ਬੂੰਦ ਪਾਣੀ ਵੀ ਸਤਲੁਜ ਅਤੇ ਬਿਆਸ ਦਰਿਆ ਵਿੱਚ ਨਹੀਂ ਜਾਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮਾਲਵਾ ਖੇਤਰ ਵਿੱਚ ਕੈਂਸਰ ਦੀ ਵੱਧ ਰਹੀ ਸਮੱਸਿਆ ਨਾਲ ਨਜਿੱਠਣ ਲਈ ਇਹ ਬਹੁਤ ਜ਼ਰੂਰੀ ਹੈ ਕਿ ਦਰਿਆਵਾਂ ਨੂੰ ਪ੍ਰਦੂਸ਼ਣ ਤੋਂ ਬਚਾਇਆ ਜਾਵੇ।
ਪੰਜਾਬ ਦੇ ਪਾਣੀ ਦੀ ਰੱਖਿਆ
ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਅਕਾਲੀ ਦਲ ਪੰਜਾਬ ਦਾ ਪਾਣੀ ਹੋਰ ਰਾਜਾਂ ਨੂੰ ਜਾਣ ਤੋਂ ਰੋਕੇਗਾ ਅਤੇ Rajasthan Canal ਰਾਹੀਂ ਜਾਣ ਵਾਲੇ ਪਾਣੀ ਦੇ ਮਾਮਲੇ ਦੀ ਸਮੀਖਿਆ ਕਰੇਗਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਪੰਜਾਬ ਦੇ ਪਾਣੀ ਨੂੰ ਮੁੜ ਪੰਜਾਬ ਦੇ ਖੇਤਾਂ ਤੱਕ ਲਿਆਉਣ ਲਈ ਕਦਮ ਚੁੱਕੇਗਾ।
ਲੋਕ ਭਲਾਈ ਦੀਆਂ ਨਵੀਆਂ ਯੋਜਨਾਵਾਂ
ਸੁਖਬੀਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਬਣਨ ‘ਤੇ ਨੌਜਵਾਨਾਂ ਨੂੰ ਰੋਜ਼ਗਾਰ ਲਈ ਵਿਆਜ਼ ਮੁਕਤ 10 ਲੱਖ ਰੁਪਏ ਤੱਕ ਦਾ ਕਰਜ਼ਾ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਆਟਾ ਦਾਲ ਸਕੀਮ ਦਾ ਵਿਸਥਾਰ ਕੀਤਾ ਜਾਵੇਗਾ ਅਤੇ ਬੁਢਾਪਾ ਪੈਨਸ਼ਨ ਵਧਾ ਕੇ 3100 ਰੁਪਏ ਪ੍ਰਤੀ ਮਹੀਨਾ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਸ਼ਗਨ ਸਕੀਮ ਤਹਿਤ ਦਿੱਤੀ ਜਾਣ ਵਾਲੀ ਰਕਮ ਨੂੰ ਵਧਾ ਕੇ ਇੱਕ ਲੱਖ ਰੁਪਏ ਕੀਤਾ ਜਾਵੇਗਾ। ਕਿਸਾਨਾਂ ਲਈ ਉਨ੍ਹਾਂ ਕਿਹਾ ਕਿ ਜਿਨ੍ਹਾਂ ਕੋਲ ਟਿਊਬਵੈਲ ਕੁਨੈਕਸ਼ਨ ਨਹੀਂ ਹਨ, ਉਨ੍ਹਾਂ ਨੂੰ ਕੁਨੈਕਸ਼ਨ ਦਿੱਤੇ ਜਾਣਗੇ ਅਤੇ ਦਿਨ ਦੇ ਸਮੇਂ 12 ਘੰਟੇ ਤੱਕ ਬਿਜਲੀ ਸਪਲਾਈ ਯਕੀਨੀ ਬਣਾਈ ਜਾਵੇਗੀ। ਸਾਬਕਾ ਮੰਤਰੀ ਮਜੀਠੀਆ ਰੈਲੀ ਦੌਰਾਨ ਮੀਂਹ ਵਾਂਗ ਵਿਰੋਧੀਆਂ ਤੇ ਵਰੇ ਰੈਲੀ ਦੌਰਾਨ ਪੰਜਾਬ ਦੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਵੀ ਆਪਣੇ ਅੰਦਾਜ਼ ਵਿੱਚ ਵਰਕਰਾਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਅਕਾਲੀ ਦਲ ਹਮੇਸ਼ਾ ਤੋਂ ਪੰਜਾਬ, ਪੰਜਾਬੀਅਤ ਅਤੇ ਪੰਜਾਬ ਦੇ ਹੱਕਾਂ ਦੀ ਲੜਾਈ ਲੜਦੀ ਆ ਰਹੀ ਪਾਰਟੀ ਹੈ ਜਦਕਿ ਅਕਾਲੀ ਦਲ ਦੀਆਂ ਸਰਕਾਰਾਂ ਨੇ ਹਮੇਸ਼ਾ ਕਿਸਾਨਾਂ, ਮਜ਼ਦੂਰਾਂ ਅਤੇ ਗਰੀਬ ਵਰਗ ਦੀ ਭਲਾਈ ਲਈ ਕੰਮ ਕੀਤਾ ਹੈ ਅਤੇ ਪੰਜਾਬ ਦੇ ਵਿਕਾਸ ਲਈ ਵੱਡੇ ਫੈਸਲੇ ਕੀਤੇ ਹਨ। ਉਹਨਾ ਵਰਕਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਪਾਰਟੀ ਦੀਆਂ ਨੀਤੀਆਂ ਅਤੇ ਪ੍ਰਾਪਤੀਆਂ ਨੂੰ ਘਰ-ਘਰ ਤੱਕ ਪਹੁੰਚਾਉਣ ਅਤੇ ਲੋਕਾਂ ਨੂੰ ਮੌਜੂਦਾ ਸਰਕਾਰ ਦੀਆਂ ਨਾਕਾਮੀਆਂ ਬਾਰੇ ਜਾਗਰੂਕ ਕਰਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਹੁਣ ਬਦਲਾਅ ਚਾਹੁੰਦੇ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਅਕਾਲੀ ਦਲ ਨੂੰ ਦੁਬਾਰਾ ਮਜ਼ਬੂਤ ਕਰਕੇ ਸੂਬੇ ਦੀ ਤਰੱਕੀ ਲਈ ਕੰਮ ਕਰਨ ਦਾ ਮੌਕਾ ਦੇਣਗੇ। ਉਨ੍ਹਾਂ ਵਰਕਰਾਂ ਦੇ ਜੋਸ਼ ਅਤੇ ਇਕਜੁੱਟਤਾ ਦੀ ਸ਼ਲਾਘਾ ਵੀ ਕੀਤੀ।
ਸਤਨਾਮ ਸਿੰਘ ਰਾਹੀ ਨੇ ਕੀਤਾ ਧੰਨਵਾਦ
ਇਸ ਮੌਕੇ ਹਲਕਾ ਇੰਚਾਰਜ ਐਡਵੋਕੇਟ ਸਤਨਾਮ ਸਿੰਘ ਰਾਹੀ ਨੇ ਰੈਲੀ ਵਿੱਚ ਪਹੁੰਚੇ ਸਾਰੇ ਅਹੁਦੇਦਾਰਾਂ, ਆਗੂਆਂ ਅਤੇ ਵਰਕਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਸੁਖਬੀਰ ਸਿੰਘ ਬਾਦਲ ਨੂੰ ਵਿਸ਼ਵਾਸ ਦਿਵਾਇਆ ਕਿ ਭਦੌੜ ਹਲਕੇ ਦੇ ਵਰਕਰ ਪਾਰਟੀ ਨੂੰ ਮਜ਼ਬੂਤ ਕਰਨ ਲਈ ਦਿਨ-ਰਾਤ ਇਕ ਕਰ ਦੇਣਗੇ। ਉਨ੍ਹਾਂ ਕਿਹਾ ਕਿ ਆਉਣ ਵਾਲਾ ਸਮਾਂ ਸ਼੍ਰੋਮਣੀ ਅਕਾਲੀ ਦਲ ਦਾ ਹੋਵੇਗਾ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਵੱਡੀ ਲੀਡ ਨਾਲ ਜਿੱਤ ਦਰਜ ਕਰਕੇ ਸੂਬੇ ਵਿੱਚ ਸਰਕਾਰ ਬਣਾਏਗੀ।
ਇਹ ਆਗੂ ਵੀ ਰਹੇ ਮੌਜੂਦ
ਰੈਲੀ ਦੌਰਾਨ ਹਲਕਾ ਸੰਗਰੂਰ ਦੇ ਇੰਚਾਰਜ ਅਰਵਿੰਦ ਖੰਨਾ, ਸੀਨੀਅਰ ਅਕਾਲੀ ਆਗੂ ਕੁਲਵੰਤ ਸਿੰਘ ਕੀਤੂ, ਸੀਨੀਅਰ ਅਕਾਲੀ ਆਗੂ ਤਰਲੋਚਨ ਬਾਂਸਲ ਸਾਬਕਾ ਪ੍ਰਧਾਨ ਨਗਰ ਕੌਂਸਲ, ਡੇਰਾ ਬਾਬਾ ਪੰਜਾਬ ਸਿੰਘ ਤਾਜੋਕੇ ਦੇ ਮੁੱਖ ਸੇਵਾਦਾਰ ਬਾਬਾ ਬੂਟਾ ਸਿੰਘ, ਬਲਦੇਵ ਸਿੰਘ ਚੂੰਘਾਂ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਪਰਮਜੀਤ ਸਿੰਘ ਪੰਮਾ ਤਾਜੋਕੇ ਜਨਰਲ ਸਕੱਤਰ ਅਕਾਲੀ ਦਲ, ਸਾਬਕਾ ਚੇਅਰਮੈਨ ਕਰਮਜੀਤ ਸਿੰਘ ਪੋਲਾ, ਬਲਤੇਜ ਸਿੰਘ ਬੋਘਾ ਯੂਥ ਆਗੂ, ਸੁਖਪਾਲ ਸਿੰਘ ਸਮਰਾ ਸਾਬਕਾ ਸਰਪੰਚ ਪੱਖੋ ਕਲਾਂ, ਦਰਸ਼ਨ ਸਿੰਘ ਰੂੜੇਕੇ ਖੁਰਦ, ਉਗਰ ਸੈਨ ਮੋੜ, ਹਰਜਿੰਦਰ ਸਿੰਘ ਪਾਲੀ, ਸਾਬਕਾ ਕੌਂਸਲਰ ਗੁਰਮੀਤ ਸਿੰਘ ਰੋੜ, ਗੁਲਾਬ ਸਿੰਘ ਸਿੱਧੂ ਸਾਬਕਾ ਪ੍ਰਧਾਨ ਸਹਿਕਾਰੀ ਸਭਾ, ਪਰਮਿੰਦਰ ਚੱਠਾ, ਸਰਪੰਚ ਕੁਲਵਿੰਦਰ ਸਿੰਘ ਕਿੰਦੀ ਢਿਲਵਾਂ, ਸਾਬਕਾ ਚੇਅਰਮੈਨ ਰਣਦੀਪ ਸਿੰਘ ਢਿਲਵਾਂ, ਰਾਕੇਸ਼ ਕੁਮਾਰ ਟੋਨਾ ਸਾਬਕਾ ਪ੍ਰਧਾਨ ਟਰੱਕ ਯੂਨੀਅਨ, ਡੋਗਰ ਸਿੰਘ ਉਗੋਕੇ, ਭਗਵਾਨ ਸਿੰਘ ਭਾਨਾ ਸਾਬਕਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਸੰਦੀਪ ਸਿੰਘ ਸੀਪਾ, ਗੁਰਵਿੰਦਰ ਘੁੰਨਸ, ਗੁਰਜਿੰਦਰ ਸਿੰਘ, ਹਰਪ੍ਰੀਤ ਛੰਨਾ, ਭਗਵੰਤ ਚੱਠਾ, ਵਿਨੋਦ ਕਾਲਾ, ਜੁਗਰਾਜ ਸਿੰਘ ਜੈਲਦਾਰ, ਸਾਬਕਾ ਕੌਂਸਲਰ ਦਵਿੰਦਰ ਟੀਟੂ ਦੀਕਸ਼ਿਤ, ਗੁਰਬਿੰਦਰ ਸਿੰਘ ਬਾਸੀ ਸਾਬਕਾ ਸ਼ਹਿਰੀ ਪ੍ਰਧਾਨ, ਮੋਹਿਤ ਮੇਸ਼ੀ, ਸੋਨੂ ਮੱਲੀ, ਸੁਰਿੰਦਰ ਖਟਰਕਾ ਟਕਸਾਲੀ ਆਗੂ ਅਕਾਲੀ ਦਲ, ਬੇਅੰਤ ਸਿੰਘ ਮਾਂਗਟ ਸਾਬਕਾ ਪ੍ਰਧਾਨ ਗੁਰਦੁਆਰਾ ਸਿੰਘ ਸਭਾ, ਚਰਨਜੀਤ ਪੁਰਬਾ, ਬਲਰਾਜ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਅਕਾਲੀ ਵਰਕਰ ਮੌਜੂਦ ਸਨ।