ਟਾਂਡਾ ਨਗਰ ਕੌਸਲ ਚੋਣ ਦਾ ਵੱਖਰਾ ਵਿਵਾਦ: FIR ਤੋ ਬਗੈਰ ਹੀ ਨੌਜਵਾਨ ਨੂੰ ਜੇਲ੍ਹ ਭੇਜਣ 'ਤੇ ਕਾਨੂੰਨੀ ਬਹਿਸ ਛਿੜੀ
7ਡੇਅ ਨਿਊਜ ਸਰਵਿਸ - ਟਾਂਡਾ ਦੇ ਵਾਰਡ ਨੰਬਰ 1 ਤੋਂ ਕਾਂਗਰਸ ਪੱਖੀ ਉਮੀਦਵਾਰ ਦੀ ਜਿੱਤ ਤੋਂ ਬਾਅਦ ਮਨਾਏ ਜਾ ਰਹੇ ਜਸ਼ਨਾਂ ਦੌਰਾਨ ਹੰਗਾਮਾ ਕਰਨ ਅਤੇ ਆਮ ਆਦਮੀ ਪਾਰਟੀ ਦੇ ਚੋਣ ਨਿਸ਼ਾਨ ‘ਝਾੜੂ’ ਦੀ ਕਥਿਤ ਤੌਹੀਨ ਕਰਨ ਦੇ ਮਾਮਲੇ ਵਿੱਚ ਪੁਲੀਸ ਵੱਲੋਂ ਇੱਕ ਨੌਜਵਾਨ, ਅਰਸ਼ਦੀਪ ਸਿੰਘ, ਨੂੰ ਹਿਰਾਸਤ ਵਿੱਚ ਲੈ ਕੇ ਜੇਲ੍ਹ ਭੇਜਣ ਦਾ ਮਾਮਲਾ ਹੁਣ ਸਿਆਸੀ ਅਤੇ ਕਾਨੂੰਨੀ ਹਲਕਿਆਂ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ ਹੈ। ਦਰਅਸਲ, 30 ਮਈ ਨੂੰ ਥਾਣਾ ਟਾਂਡਾ ਵਿਖੇ ਦਰਜ ਰੋਜ਼ਨਾਮਚਾ ਦੇ ਆਧਾਰ 'ਤੇ ਪੁਲੀਸ ਨੇ ਸ਼ਾਂਤੀ ਭੰਗ ਹੋਣ ਦੇ ਖ਼ਦਸ਼ੇ ਤਹਿਤ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਦੀਆਂ ਰੋਕਥਾਮ ਧਾਰਾਵਾਂ ਤਹਿਤ ਇਹ ਕਾਰਵਾਈ ਅਮਲ ਵਿੱਚ ਲਿਆਂਦੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਪੂਰੇ ਘਟਨਾਕ੍ਰਮ ਵਿੱਚ ਕੋਈ ਵੀ ਅਪਰਾਧਿਕ ਮੁਕੱਦਮਾ ਦਰਜ ਨਹੀਂ ਕੀਤਾ ਗਿਆ, ਜਿਸ ਦੀ ਪੁਸ਼ਟੀ ਖੁਦ ਪੁਲਿਸ ਨੇ ਕਰਦਿਆਂ ਕਿਹਾ ਕਿ ਇਹ ਕਦਮ ਸਿਰਫ਼ ਇਲਾਕੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨੂੰ ਵਿਗੜਨ ਤੋਂ ਰੋਕਣ ਲਈ ਚੁੱਕਿਆ ਗਿਆ ਸੀ। ਕਾਰਜਕਾਰੀ ਮੈਜਿਸਟਰੇਟ ਦੇ ਪੇਸ਼ੀ ਤੋਂ ਬਾਅਦ ਜੇਲ੍ਹ ਭੇਜੇ ਗਏ ਨੋਜਵਾਨ ਨੂੰ ਹੁਣ 2 ਜੂਨ ਨੂੰ ਮੁੜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਦੂਜੇ ਪਾਸੇ, ਨੌਜਵਾਨ ਦੇ ਪਰਿਵਾਰ ਨੇ ਪੁਲੀਸ ਦੇ ਦਾਅਵਿਆਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਉਹ ਬੇਕਸੂਰ ਹੈ ਅਤੇ ਸਿਰਫ਼ ਸਮਰਥਕਾਂ ਨੂੰ ਲੱਡੂ ਵੰਡਣ ਗਿਆ ਸੀ, ਉਸ ਦਾ ਕਿਸੇ ਚੋਣ ਨਿਸ਼ਾਨ ਦਾ ਅਪਮਾਨ ਕਰਨ ਜਾਂ ਹਾਰੇ ਹੋਏ ਉਮੀਦਵਾਰ ਖ਼ਿਲਾਫ਼ ਨਾਅਰੇਬਾਜ਼ੀ ਕਰਨ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਜਿਕਰਯੋਗ ਇਹ ਵੀ ਹੈ ਕਿ ਪਿਛਲੇ ਦਿਨੀ ਬਠਿੰਡਾ ਅੰਦਰ ਆਪ ਵੱਲੋ ਭਾਜਪਾ ਦਫਤਰਾਂ ਦੇ ਬਾਹਰ ਰਾਜ ਸਭਾ ਮੈਬਰਾਂ ਦੇ ਭਾਜਪਾ ਵਿਚ ਸ਼ਾਮਿਲ ਹੋਣ ਦੇ ਰੋਸ ਵਜੋ ਦਿੱਤੇ ਜਾਣ ਵਾਲੇ ਧਰਨੇ ਤੋ ਪਹਿਲਾ ਭਾਜਪਾ ਦੇ ਆਗੂਆਂ ਨੇ ਵੀ ਆਪ ਪਾਰਟੀ ਦੇ ਚੋਣ ਨਿਸ਼ਾਨ ਨੂੰ ਸੜਕ ਤੇ ਖਿਲਾਰ ਦਿੱਤਾ ਸੀ, ਪਰ ਬਠਿੰਡਾ ਪੁਲਿਸ ਨੇ ਅਜਿਹੀ ਕੋਈ ਵੀ ਕਾਰਵਾਈ ਨੂੰ ਅੰਜਾਮ ਨ੍ਹੀ ਦਿੱਤਾ ਸੀ। ਪਰ ਇਹ ਵੱਖਰੇ ਕਿਸਮ ਦੇ ਪਰਚੇ ਨੇ ਇਹ ਨਵੀ. ਚਰਚਾ ਛੇੜ ਦਿੱਤੀ ਹੈ।