ਵੱਡੇ-ਵੱਡੇ ਸਿਆਸੀ ਧੁੰਨਤਰਾਂ ਜੋ ਨਾ ਕਰ ਸਕੇ, ਉਹ 'ਕੁੱਲੀਆਂ' 'ਚੋਂ ਉੱਠੇ ਵਿਧਾਇਕ ਲਾਭ ਸਿੰਘ ਉਗੋਕੇ ਨੇ ਕਰ ਵਿਖਾਇਆ; ਤਪਾ ਨਗਰ ਕੌਂਸਲ 'ਚ ਸਰਬਸੰਮਤੀ ਨਾਲ ਪ੍ਰਧਾਨਗੀ ਚੋਣ ਕਰਵਾ ਕੇ ਰਚਿਆ ਨਵਾਂ ਇਤਿਹਾਸ
ਹਲਕਾ ਭਦੌੜ ਅੰਦਰ ਸਿਆਸੀ ਰੰਜਿਸ਼ਾਂ ਦੇ ਖ਼ਾਤਮੇ ਦਾ ਨਵਾਂ ਦੌਰ: ਵਿਧਾਇਕ ਉਗੋਕੇ ਦੀ ਭਾਈਚਾਰਕ ਸਾਂਝ ਵਾਲੀ ਨੀਤੀ ਸਦਕਾ ਤਪਾ ਨਗਰ ਕੌਂਸਲ ਚੋਣਾਂ 'ਚ ਬਲਜੀਤ ਸਿੰਘ ਬਾਸੀ ਪ੍ਰਧਾਨ ਅਤੇ ਮੁਨੀਸ਼ ਗਰਗ ਬਣੇ ਮੀਤ ਪ੍ਰਧਾਨ
ਤਪਾ ਮੰਡੀ 9 ਜੁਲਾਈ (ਲੁਭਾਸ਼ ਸਿੰਗਲਾ) :- ਤਪਾ ਨਗਰ ਕੌਂਸਲ ਦੀ ਪਿਛਲੇ ਦਿਨੀਂ ਹੋਈ ਚੋਣ ਨੇ ਜਿੱਥੇ ਸ਼ਹਿਰ ਦੇ ਸਮੁੱਚੇ ਜੇਤੂ ਕੌਂਸਲਰਾਂ ਵੱਲੋਂ ਹਲਕਾ ਭਦੌੜ ਦੇ ਨੌਜਵਾਨ ਵਿਧਾਇਕ ਲਾਭ ਸਿੰਘ ਉਗੋਕੇ ਦੀ ਅਗਵਾਈ ਹੇਠ ਸਰਬਸੰਮਤੀ ਨਾਲ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਚੋਣ ਕਰਕੇ ਸਿਆਸੀ ਤੌਰ 'ਤੇ ਹਲਕਾ ਭਦੌੜ ਕਮ ਤਪਾ ਸ਼ਹਿਰ ਦੇ ਇਤਿਹਾਸ ਵਿਚ ਇਕ ਅਜਿਹਾ ਵੱਖਰਾ ਅਤੇ ਮਿਸਾਲੀ ਕੀਰਤੀਮਾਨ ਸਥਾਪਿਤ ਕਰ ਦਿੱਤਾ ਹੈ, ਜਿਸ ਨੂੰ ਆਉਣ ਵਾਲੇ ਲੰਬੇ ਸਮੇਂ ਤੱਕ ਸਿਆਸੀ ਗਲਿਆਰਿਆਂ ਅਤੇ ਆਮ ਲੋਕਾਂ ਵੱਲੋਂ ਯਾਦ ਰੱਖਿਆ ਜਾਵੇਗਾ, ਕਿਉਂਕਿ ਜੇਕਰ ਪਿਛਲੇ ਇਤਿਹਾਸ ਵੱਲ ਝਾਤ ਮਾਰੀ ਜਾਵੇ ਤਾਂ ਸਾਲ 2008 ਤੋਂ ਪਹਿਲਾਂ ਲੱਗਦੇ ਵਿਧਾਨ ਸਭਾ ਹਲਕਾ ਧਨੌਲਾ ਅੰਦਰ ਵੱਡੇ-ਵੱਡੇ ਸਿਆਸੀ ਧੁੰਨਤਰ ਅਤੇ ਰਵਾਇਤੀ ਪਾਰਟੀਆਂ ਦੇ ਦਿੱਗਜ ਆਗੂ ਇੱਥੋਂ ਚੋਣਾਂ ਲੜ ਕੇ ਜਿੱਤਦੇ ਰਹੇ ਪਰ ਇਸ ਨੌਜਵਾਨ ਵਿਧਾਇਕ ਲਾਭ ਸਿੰਘ ਉਗੋਕੇ ਦੀ ਸੋਚ ਵਰਗੀ ਅਸਲ ਭਾਈਚਾਰਕ ਸਾਂਝ ਪੈਦਾ ਕਰਨ ਜਾਂ ਸਿਆਸੀ ਰੰਜਿਸ਼ਾਂ ਦੇ ਮੁਕੰਮਲ ਖ਼ਾਤਮੇ ਦਾ ਸੁਨੇਹਾ ਪਿਛਲੇ ਤਿੰਨ ਦਹਾਕਿਆਂ ਤੋਂ ਜ਼ਿਆਦਾ ਦੇ ਲੰਬੇ ਸਮੇਂ ਵਿੱਚ ਕੋਈ ਵੀ ਕਿਸੇ ਵੀ ਸਿਆਸੀ ਪਾਰਟੀ ਦਾ ਵੱਡਾ ਆਗੂ ਆਮ ਜਨਤਾ ਤੱਕ ਪਹੁੰਚਾਉਣ ਵਿੱਚ ਬੁਰੀ ਤਰ੍ਹਾਂ ਨਾਕਾਮ ਸਾਬਤ ਹੋਇਆ ਸੀ, ਜਿਸ ਦੇ ਸਿਆਸੀ ਪਿਛੋਕੜ 'ਤੇ ਜੇਕਰ ਬਾਰੀਕੀ ਨਾਲ ਨਿਗ੍ਹਾ ਮਾਰੀ ਜਾਵੇ ਤਦ ਆਮ ਆਦਮੀ ਪਾਰਟੀ ਦੀ ਮੌਜੂਦਾ ਸਰਕਾਰ ਤੋਂ ਕਿਤੇ ਜ਼ਿਆਦਾ ਸਿਆਸੀ ਤੌਰ 'ਤੇ ਮਜ਼ਬੂਤ, ਦਬਦਬੇ ਵਾਲੀ ਅਤੇ ਅਤਿ ਦੇ ਔਖੇ ਹਾਲਾਤਾਂ ਵਿਚਕਾਰ ਬਣੀ 1992 ਦੀ ਕਾਂਗਰਸ ਹਕੂਮਤ ਜਿਸ ਦੇ ਸਦਨ ਵਿੱਚ 87 ਵਿਧਾਇਕ ਮੌਜੂਦ ਸਨ, ਉਸ ਵੇਲੇ ਦੇ ਸਰਕਾਰ ਦੇ ਮੁੱਖ ਨੁਮਾਇੰਦੇ ਮਰਹੂਮ ਮਨਜੀਤ ਸਿੰਘ ਭੱਠਲ (ਜੋ ਕਿ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਦੇ ਸਕੇ ਭਰਾ ਸਨ) ਵੀ ਇਸ ਇਲਾਕੇ ਵਿੱਚ ਆਪਸੀ ਧੜੇਬੰਦੀ ਖ਼ਤਮ ਕਰਨ ਵਿੱਚ ਪੂਰੀ ਤਰ੍ਹਾਂ ਅਸਫਲ ਰਹੇ ਸਨ ਕਿਉਂਕਿ ਉਸ ਸਮੇਂ ਸਾਲ 1993 ਵਿਚ ਹੋਈ ਨਗਰ ਕੌਂਸਲ ਚੋਣ ਦੌਰਾਨ ਸੱਤਾਧਾਰੀ ਕਾਂਗਰਸ ਪਾਰਟੀ ਖ਼ੁਦ ਦੋ ਵਿਰੋਧੀ ਧੜਿਆਂ ਵਿਚ ਬੁਰੀ ਤਰ੍ਹਾਂ ਵੰਡੀ ਗਈ ਸੀ, ਜਿਨ੍ਹਾਂ ਵਿਚਕਾਰ ਆਪਸੀ ਸਮਝੌਤਾ ਬਿਲਕੁਲ ਆਖ਼ਰੀ ਵੇਲੇ ਜਾ ਕੇ ਉਦੋਂ ਹੋਇਆ ਜਦੋਂ ਸਿਆਸੀ ਤੌਰ 'ਤੇ ਸਾਰੀ ਬਾਜ਼ੀ ਹੱਥੋਂ ਨਿਕਲ ਚੁੱਕੀ ਸੀ ਅਤੇ ਇਸੇ ਤਰ੍ਹਾਂ ਤਿੰਨ ਵਾਰ ਦੇ ਵਿਧਾਇਕ ਰਹੇ ਗੋਬਿੰਦ ਸਿੰਘ ਲੌਂਗੋਵਾਲ (ਸਾਬਕਾ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ) ਜਿਨ੍ਹਾਂ ਨੇ ਤਿੰਨ ਵਾਰ ਹਲਕਾ ਧਨੌਲਾ ਅਤੇ ਤਪਾ ਸ਼ਹਿਰ ਦੀ ਨੁਮਾਇੰਦਗੀ ਸਿਆਸੀ ਪੱਧਰ 'ਤੇ ਕੀਤੀ ਅਤੇ ਦੋ ਵਾਰ ਸੂਬੇ ਦੀ ਅਕਾਲੀ ਸਰਕਾਰ ਦਾ ਅਹਿਮ ਹਿੱਸਾ ਵੀ ਬਣੇ, ਪਰ ਉਨ੍ਹਾਂ ਦੀ ਸਰਪ੍ਰਸਤੀ ਅਤੇ ਅਗਵਾਈ ਵਿਚ ਹੋਈਆਂ ਨਗਰ ਕੌਂਸਲ ਚੋਣਾਂ ਅੰਦਰ ਵੀ ਸਥਿਤੀ ਇੰਨੀ ਖ਼ਰਾਬ ਰਹੀ ਕਿ ਸਾਲ 1985 ਵਿਚ ਅਕਾਲੀ ਦਲ ਦੇ ਪ੍ਰਭਾਵ ਦੇ ਬਾਵਜੂਦ ਵਿਰੋਧੀ ਕਾਂਗਰਸ ਪਾਰਟੀ ਦਾ ਪ੍ਰਧਾਨ ਬਣ ਗਿਆ ਸੀ, ਉੱਥੇ ਹੀ ਸਾਲ 1998 ਵਿਚ ਜਦੋਂ ਸੂਬੇ ਵਿੱਚ ਅਕਾਲੀ ਸਰਕਾਰ ਦਾ ਪੂਰਾ ਰਾਜ ਭਾਗ ਸੀ ਤਾਂ ਅਕਾਲੀਆਂ ਨੇ ਨਗਰ ਕੌਂਸਲ ਚੋਣਾਂ ਜਿੱਤਣ ਤੋਂ ਬਾਅਦ ਵੀ ਆਪਸ ਵਿੱਚ ਖ਼ੂਬ ਛਿੱਤਰੀਂ ਦਾਲ ਵੰਡੀ ਸੀ ਯਾਨੀ ਕਿ ਆਪਸੀ ਲੜਾਈ-ਝਗੜੇ ਅਤੇ ਖਿੱਚੋਤਾਣ ਇੰਨੀ ਜ਼ਿਆਦਾ ਵਧ ਗਈ ਸੀ ਕਿ ਆਖ਼ਿਰਕਾਰ ਸ਼੍ਰੋਮਣੀ ਅਕਾਲੀ ਦਲ ਨੂੰ ਸਿਆਸੀ ਤੌਰ 'ਤੇ ਸਰੈਂਡਰ ਕਰਦਿਆਂ ਜੋੜ-ਤੋੜ ਦੀ ਰਾਜਨੀਤੀ ਨਾਲ ਬੜੀ ਮੁਸ਼ਕਿਲ ਨਾਲ ਆਪਣਾ ਪ੍ਰਧਾਨ ਬਣਾਉਣਾ ਪਿਆ ਸੀ, ਅਤੇ ਸਿਆਸੀ ਖ਼ਾਨਾਜੰਗੀ ਦਾ ਇਹ ਸਿਲਸਿਲਾ ਇੱਥੇ ਹੀ ਨਹੀਂ ਰੁਕਿਆ ਸਗੋਂ ਉਸ ਤੋਂ ਬਾਅਦ ਸਾਲ 2015 ਦੀਆਂ ਨਗਰ ਕੌਂਸਲ ਚੋਣਾਂ ਵਿਚ ਵੀ ਅਕਾਲੀ ਦਲ ਸਥਾਨਕ ਪੱਧਰ 'ਤੇ ਦੋ ਵੱਡੇ ਧੜਿਆਂ ਵਿਚਕਾਰ ਵੰਡਿਆ ਗਿਆ ਸੀ ਜੋ ਕਿ ਆਪਣੇ ਆਖ਼ਰੀ ਸਾਹਾਂ ਤੱਕ ਇੰਝ ਹੀ ਆਪਸੀ ਸਿਆਸੀ ਦੁਸ਼ਮਣੀ ਅਤੇ ਖਹਿਬਾਜ਼ੀ ਨਾਲ ਚਲਦਾ ਰਿਹਾ, ਪਰ ਹੁਣ ਪੰਜਾਬ ਦੀ ਸਿਆਸਤ ਵਿਚ ਆਈ ਵੱਡੀ ਤਬਦੀਲੀ ਅਤੇ ਬਦਲਾਅ ਦੀ ਲਹਿਰ ਦੇ ਨਾਲ ਹਲਕਾ ਭਦੌੜ ਤੋਂ ਭਾਰੀ ਬਹੁਮਤ ਨਾਲ ਜਿੱਤ ਕੇ ਆਏ ਆਮ ਆਦਮੀ ਪਾਰਟੀ ਦੇ ਨੌਜਵਾਨ ਵਿਧਾਇਕ ਲਾਭ ਸਿੰਘ ਉਗੋਕੇ ਨੇ ਇੱਥੇ ਪੁਰਾਣੀ ਚੱਲੀ ਆ ਰਹੀ ਆਪਸੀ ਰੰਜਿਸ਼ ਅਤੇ ਕੜਵਾਹਟ ਦਾ ਮੁਕੰਮਲ ਖ਼ਾਤਮਾ ਕਰਦਿਆਂ ਸਮੁੱਚੇ ਹਲਕਾ ਭਦੌੜ ਦੀ ਰਾਜਨੀਤੀ ਨੂੰ ਇਕ ਬੇਹੱਦ ਵੱਖਰਾ, ਸਕਾਰਾਤਮਕ ਅਤੇ ਅਮਨ-ਸ਼ਾਂਤੀ ਦਾ ਸੁਨੇਹਾ ਦੇ ਦਿੱਤਾ ਹੈ, ਜਿਨ੍ਹਾਂ ਨੇ ਕੌਂਸਲ ਦੇ ਸਾਰੇ 15 ਕੌਂਸਲਰਾਂ ਨੂੰ ਰਵਾਇਤੀ ਧੜੇਬੰਦੀ ਅਤੇ ਆਪਸੀ ਖਹਿਬਾਜ਼ੀ ਦੀ ਸਿਆਸਤ ਦਾ ਰਾਹ ਛੱਡਣ ਲਈ ਪ੍ਰੇਰਿਤ ਕਰਕੇ ਆਪਸੀ ਪਿਆਰ, ਸਤਿਕਾਰ ਅਤੇ ਭਾਈਚਾਰਕ ਨੀਤੀ ਦੇ ਰਾਹੀਂ ਇਕੋ ਮੋਰੀ ਲੰਘਾਉਂਦਿਆਂ ਸਰਬਸੰਮਤੀ ਦਾ ਇਤਿਹਾਸਕ ਰਾਹ ਅਪਣਾਉਣ ਲਈ ਸਹਿਮਤ ਕੀਤਾ, ਜਿਸ ਦੇ ਸਿੱਟੇ ਵਜੋਂ ਬਿਨਾਂ ਕਿਸੇ ਵਿਰੋਧ ਅਤੇ ਝਗੜੇ ਦੇ ਬੇਹੱਦ ਖ਼ੁਸ਼ਗਵਾਰ ਮਾਹੌਲ ਵਿੱਚ ਕੁੱਲੀਆਂ ਅਤੇ ਗ਼ਰੀਬੀ ਦੇ ਵਿਹੜੇ ਵਿੱਚੋਂ ਉੱਠ ਕੇ ਵਿਧਾਨ ਸਭਾ ਪਹੁੰਚੇ ਇਸ ਲੋਕ-ਪੱਖੀ ਨੌਜਵਾਨ ਵਿਧਾਇਕ ਨੇ ਪਾਰਟੀ ਦੇ ਬੇਹੱਦ ਟਕਸਾਲੀ, ਮਿਹਨਤੀ ਅਤੇ ਵਫ਼ਾਦਾਰ ਆਗੂ ਭਮੱਕੜ ਬਲਜੀਤ ਸਿੰਘ ਬਾਸੀ ਨੂੰ ਨਗਰ ਕੌਂਸਲ ਦਾ ਪ੍ਰਧਾਨ ਅਤੇ ਸ਼ਹਿਰ ਦੇ ਨੌਜਵਾਨ ਆਗੂ ਮੁਨੀਸ਼ ਗਰਗ ਨੂੰ ਸਰਬਸੰਮਤੀ ਨਾਲ ਮੀਤ ਪ੍ਰਧਾਨ ਬਣਾ ਕੇ ਪੂਰੇ ਸ਼ਹਿਰ ਵਿੱਚ ਇਕ ਬਹੁਤ ਵੱਡਾ ਸਿਆਸੀ ਸੁਨੇਹਾ ਦੇ ਦਿੱਤਾ ਹੈ ਕਿ ਰਾਜਨੀਤੀ ਸਿਰਫ਼ ਲੜਾਈਆਂ ਜਾਂ ਧੜੇਬੰਦੀਆਂ ਲਈ ਨਹੀਂ ਸਗੋਂ ਵਿਕਾਸ ਅਤੇ ਭਾਈਚਾਰਕ ਸਾਂਝ ਵਧਾਉਣ ਲਈ ਹੁੰਦੀ ਹੈ, ਇਸ ਤਰ੍ਹਾਂ ਜੋ ਵੱਡੇ-ਵੱਡੇ ਅਮੀਰਘਰਾਣਿਆਂ ਨਾਲ ਸਬੰਧ ਰੱਖਣ ਵਾਲੇ, ਰਸੂਖ਼ਦਾਰ ਅਤੇ ਸਿਆਸੀ ਧੁੰਨਤਰ ਆਗੂ ਆਪਣੇ ਦਹਾਕਿਆਂ ਲੰਬੇ ਰਾਜ ਦੌਰਾਨ ਵੀ ਨਾ ਕਰ ਸਕੇ, ਉਹ ਕੰਮ ਗ਼ਰੀਬੀ ਦੇ ਹਾਲਾਤਾਂ ਅਤੇ ਕੁੱਲੀਆਂ ਵਿਚ ਅੱਖ ਪੁੱਟਣ ਵਾਲੇ ਇਸ ਆਮ ਪਰਿਵਾਰ ਦੇ ਨੌਜਵਾਨ ਨੇ ਆਪਣੀ ਦੂਰਅੰਦੇਸ਼ੀ, ਨਿਮਰਤਾ ਅਤੇ ਸਿਆਸੀ ਸੂਝ-ਬੂਝ ਨਾਲ ਹਕੀਕਤ ਵਿੱਚ ਕਰ ਵਿਖਾਇਆ ਹੈ, ਜਿਸ ਦੀ ਅੱਜ ਪੂਰੇ ਤਪਾ ਸ਼ਹਿਰ, ਹਲਕਾ ਭਦੌੜ ਅਤੇ ਸਮੁੱਚੇ ਜ਼ਿਲ੍ਹੇ ਦੇ ਲੋਕਾਂ ਵੱਲੋਂ ਜ਼ੋਰਦਾਰ ਸ਼ਲਾਘਾ ਕੀਤੀ ਜਾ ਰਹੀ ਹੈ।