2027 ਵਿਧਾਨ ਸਭਾ ਸਰਵੇ :- ਕੀ ਬਠਿੰਡਾ ਲੋਕ ਸਭਾ ਹਲਕੇ ਅੰਦਰੋ ਸੱਤਾਧਾਰੀ ਧਿਰ ਦੇ ਅੱਧੀ ਦਰਜਣ ਵਿਧਾਇਕਾਂ ਦੀ ਟਿਕਟ ’ਤੇ ਤਲਵਾਰ ਲਟਕੀ ਗਈ ?
ਬਠਿੰਡਾ 9 ਅਗਸਤ (ਲੁਭਾਸ਼ ਸਿੰਗਲਾ/ਗੁਰਪ੍ਰੀਤ ਸਿੰਘ) :- ਪੰਜਾਬ ਅੰਦਰ 2027 ਦੀਆ ਆਉਣ ਵਾਲੀਆ ਵਿਧਾਨ ਸਭਾ ਚੋਣਾਂ ਵਿਚ ਬੇਸ਼ੱਕ ਅਜੇ ਸਵਾਂ ਵਰੇ੍ਹ ਤੋ ਉਪਰ ਦਾ ਸਮਾਂ ਪਿਆ ਹੈ, ਪਰ ਜਮੀਨੀ ਪੱਧਰ ’ਤੇ ਸਮੁੱਚੀਆ ਸਿਆਸੀ ਧਿਰਾਂ ਨੇ ਆਪਣੇ ਪਰ ਤੋਲਣੇ ਸ਼ੁਰੂ ਕਰ ਦਿੱਤੇ ਹਨ ਜਦਕਿ ਹਮੇਸ਼ਾਂ ਦੀ ਤਰ੍ਹਾਂ ਸੱਤਾਧਾਰੀ ਧਿਰ ਜਿਆਦਾ ਫਿਕਰਮੰਦ ਹੁੰਦੀ ਹੈ, ਕਿਉਕਿ ਸੱਤਾ ਵਿਚ ਮੁੜ ਆਉਣ ਲਈ ਹਰ ਹੀਲਾ ਵਸੀਲਾ ਕਰ ਲੈਣ ਦੇ ਨਾਲੋ ਨਾਲ ਸਰਕਾਰੀ ਅਧਿਕਾਰੀਆਂ ਤੋ ਰਿਪੋਰਟਾਂ ਲੈਣੀਆ ਜਾਂ ਫੇਰ ਚੋਟੀ ਦੀਆ ਨਿੱਜੀ ਸਰਵੇ ਕੰਪਨੀਆ ਤੋ ਸਰਵੇ ਕਰਵਾਉਣਾ, ਇਹ ਸੱਤਾਧਾਰੀ ਧਿਰ ਦੀ ਫਿਤਰਤ ਹੁੰਦੀ ਹੈ ਤਾਂ ਜੋ ਜਮੀਨੀ ਪੱਧਰ ’ਤੇ ਪਾਰਟੀ ਅਤੇ ਇਸ ਦੇ ਆਗੂਆਂ ਦੀ ਕਾਰੁਗਜਾਰੀ ਬਾਰੇ ਘੋਖ ਪੜਤਾਲ ਕੀਤੀ ਜਾ ਸਕੇ, ਜਾਂ ਫੇਰ ਇਹ ਕਹਿ ਲਈਏ ਕਿ ਕੁਝ ਨਵੇਂ ਫੈਸਲੇ ਲੈਣੇ ਜਾਂ ਪੁਰਾਣਿਆਂ ਨੂੰ ਬਦਲਣਾ ਜਾਂ ਸੁਧਾਰ ਕਰਨਾ ਪ੍ਰਮੁੱਖ ਹੁੰਦਾ ਹੈ। ਇਹ ਜਾਣਕਾਰੀ ਅਕਸਰ ਹੀ ਸੱਤਾਧਾਰੀ ਧਿਰ ਦੇ ਮੂਹਰਲੀ ਕਤਾਰ ਦੇ ਆਗੂਆਂ ਦੇ ਮੇਜਾਂ ’ਤੇ ਪੜੀਆ ਜਾਂਦੀਆ ਹਨ। ਬਠਿੰਡਾ ਲੋਕ ਸਭਾ ਹਲਕਾ ਅੰਦਰ ਵੀ 9 ਵਿਧਾਨ ਸਭਾ ਹਲਕੇ ਪੈਂਦੇ ਹਨ, ਪੂਰੇ ਪੰਜਾਬ ਵਿਚ ਸ੍ਰੋਮਣੀ ਅਕਾਲੀ ਦਲ ਆਪਣੀ ਸਿਆਸੀ ਸ਼ਾਖ 2024 ਦੀਆ ਲੋਕ ਸਭਾ ਚੋਣਾਂ ਵਿਚ ਸਿਰਫ ਬਠਿੰਡਾ ਲੋਕ ਸਭਾ ਹਲਕੇ ਅੰਦਰ ਹੀ ਬਚਾ ਪਾਇਆ ਹੈ, ਕਿਉਕਿ ਇੱਥੋ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਦੀ ਪਤਨੀ ਚੋਥੀ ਵਾਰ ਲਗਾਤਾਰ ਸੰਸਦ ਮੈਂਬਰ ਬਣੀ ਹੈ, ਭਾਵੇਂ ਸੱਤਾਧਾਰੀ ਧਿਰ ਨੇ ਉਨ੍ਹਾਂ ਖਿਲਾਫ ਵੱਡੇ ਬਾਦਲ ਨੂੰ ਸਿਆਸੀ ਪਟਕਣੀ ਦੇਣ ਵਾਲੇ ਆਪਣੀ ਕੈਬਨਿਟ ਦੇ ਹਿੱਸੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆ ਹੱਥ ਟਿਕਟ ਫੜਾਈ ਸੀ, ਜਦਕਿ ਕਾਂਗਰਸ ਨੇ ਬਠਿੰਡਾ ਲੋਕ ਸਭਾ ਹਲਕਾ ਤੋ ਬਾਦਲਾਂ ਨਾਲ ਇਕ ਦਹਾਕੇ ਸਿਆਸੀ ਸਾਂਝ ਰੱਖਣ ਵਾਲੇ ਤਾਜਾ ਕਾਂਗਰਸ ਵਿਚ ਰਲੇਵਾਂ ਕਰਨ ਵਾਲੇ ਹੱਢੇ ਵਰਤੇ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਰਾਹੀ ਸਿਆਸੀ ਦਾਅ ਖੇਡਿਆ ਸੀ, ਪਰ ਦੋਵਾਂ ਸਣੇ ਤਾਜਾ ਸਿਆਸੀ ਸ਼ਰੀਕ ਬਣੀ ਮਲੂਕਾ ਪਰਿਵਾਰ ਦੀ ਨੂੰਹ ਅਤੇ ਅਫਸਰਸ਼ਾਹੀ ਛੱਡ ਸਿਆਸਤ ਵਿਚ ਕੁੱਦੀ ਪਰਮਪਾਲ ਕੌਰ ਮਲੂਕਾ ਨੂੰ ਬਾਦਲਾਂ ਨੇ ਸਿਆਸੀ ਪਟਕਣੀ ਦੇ ਕੇ ਮੁੜ ਚੋਥੀ ਵਾਰ ਸੰਸਦ ਦੀਆ ਪੋੜੀਆ ਚੜਣ ਵਿਚ ਸਫਲਤਾ ਹਾਸਿਲ ਕੀਤੀ। ਜਿਸ ਨਾਲ ਅਕਾਲੀ ਦਲ ਦੀ ਕੇਂਦਰ ਵਿਚਲੀ ਸਿਆਸਤ ਦੀ ਬਹਾਲੀ ਜਿੱਥੇ ਕਾਇਮ ਰਹੀ, ਉਥੇ ਬਠਿੰਡਾ ਅਤੇ ਮਾਨਸਾ ਜਿਲ੍ਹੇਂ ਅੰਦਰ ਬਾਦਲਾਂ ਦੀ ਸਿਆਸੀ ਚੜਤ ਨੂੰ 2027 ਦੀਆ ਆਉਣ ਵਾਲੀਆ ਵਿਧਾਨ ਚੋਣਾਂ ਲਈ ਵੀ ਹੋਰਨਾਂ ਸਿਆਸੀ ਦਲਾਂ ਨੇ ਚੁਣੋਤੀ ਵਜੋ ਸਵੀਕਾਰਿਆ। ਜਿਸ ਤੋ ਬਾਅਦ ਆਪ ਪਾਰਟੀ ਨੇ ਲੋਕ ਸਭਾ ਹਲਕਾ ਬਠਿੰਡਾ ਵਿਚਲੇ ਆਪਣੇ 9 ਵਿਧਾਇਕਾਂ ਦੀ ਜਮੀਨੀ ਪੱਧਰ ਦੀ ਕਾਰੁਗਜਾਰੀ ਦੀ ਰਿਪੋਰਟ ਮੰਗੀ ਹੈ। ਜੇਕਰ ਸੂਤਰਾਂ ਦੀ ਮੰਨੀਏ ਤਾਂ ਇਨ੍ਹਾਂ ਵਿਚੋ ਅੱਧੀ ਦਰਜਣ ਵਿਧਾਇਕਾਂ ਦੀ ਕਾਰੁਗਜਾਰੀ ’ਤੇ ਸਵਾਲੀਆ ਨਿਸ਼ਾਨ ਲੱਗ ਗਿਆ ਹੈ, ਭਾਵੇਂ ਇਸ ਰਿਪੋਰਟ ਵਿਚ ਬਠਿੰਡਾ ਲੋਕ ਸਭਾ ਹਲਕਾ ਦੇ ਨਾਲੋ ਨਾਲ ਪੂਰੇ ਬਠਿੰਡਾ ਜਿਲ੍ਹੇਂ ਅਤੇ ਬਾਦਲਾਂ ਦੇ ਜੱਦੀ ਹਲਕੇ ਲੰਬੀ ਦੀ ਰਿਪੋਰਟ ਨੱਥੀ ਹੈ। ਜਾਣਕਾਰੀ ਅਨੁਸਾਰ ਬਠਿੰਡਾ ਸ਼ਹਿਰੀ ਹਲਕੇ ਅੰਦਰ ਮੌਜੂਦਾ ਸੱਤਾਧਾਰੀ ਦੀਆ ਸਿਆਸੀ ਹਾਲਤ ਪਤਲੀ ਬਣੀ ਹੋਈ ਹੈ, ਕਈ ਧੜਿਆ ਵਿਚ ਵੰਡੀ ਆਪ ਪਾਰਟੀ ਦੇ ਕਈ ਆਗੂਆਂ ਨੇ ਆਪਣੇ ਹੀ ਨੁੰਮਾਇੰਦੇ ਖਿਲਾਫ ਝੰਡਾ ਬੁਲੰਦ ਕੀਤਾ ਹੋਇਆ ਹੈ। ਜਿਸ ਕਾਰਨ ਸਿਆਸੀ ਗਲਿਆਰਿਆਂ ਵਿਚ ਬਠਿੰਡਾ ਸ਼ਹਿਰੀ ਹਲਕੇ ਅੰਦਰ ਨੁੰਮਾਇੰਦੇ ਦੇ ਕਈ ਫੈਸਲਿਆਂ ਦੀ ਅਣਦੇਖੀ ਸਰਕਾਰੇ ਦਰਬਾਰੇ ਵੀ ਹੁੰਦੀ ਹੈ। ਜਿਸ ਦੀ ਤਾਜਾ ਮਿਸਾਲ ਨਗਰ ਨਿਗਮ ਦੇ ਮੇਅਰ ਦੀ ਚੋਣ ਅਤੇ ਕੌਸਲਰ ਚੋਣ ਲਈ ਐਲਾਣੇ ਉਮੀਦਵਾਰ ਤੋ ਲਈ ਜਾ ਸਕਦੀ ਹੈ। ਉਧਰ ਬਠਿੰਡਾ ਦਿਹਾਤੀ ਹਲਕੇ ਅੰਦਰ ਭਿ੍ਰਸ਼ਟਚਾਰ ਦੇ ਵਿਵਾਦਾਂ ਵਿਚ ਘਿਰੇ ਵਿਧਾਇਕ ਹੱਥੋ ਸਾਰੀਆ ਪਾਵਰਾਂ ਖੋਹ ਲਈਆ ਸਨ। ਜਿਸ ਤੋ ਬਾਅਦ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਜਤਿੰਦਰ ਭੱਲਾ ਦੀ ਅਗਵਾਈ ਹੇਠ ਪੰਚਾਇਤੀ ਚੋਣਾਂ ਪਾਰਟੀ ਨੇ ਲੜੀਆ ਜਦਕਿ ਪਿਛਲੇ ਦਿਨੀ ਇਕ ਨਵੇਂ ਆਗੂ ਨੂੰ ਬਤੌਰ ਇੰਚਾਰਜ ਐਲਾਣ ਵੀ ਕੀਤਾ ਗਿਆ ਹੈ। ਮੋੜ ਹਲਕੇ ਅੰਦਰ ਭਾਵੇਂ ਸੰਸਦੀ ਚੋਣਾਂ ਵਿਚ ਪਾਰਟੀ ਸਭ ਤੋ ਵੱਧ ਵੋਟਾਂ ਬਟੋਰਨ ਵਿਚ ਕਾਮਯਾਬ ਰਹੀ ਪਰ ਪਾਰਟੀ ਇਸ ਦਾ ਸਿਹਰਾ ਉਮੀਦਵਾਰ ਜੱਥੇਦਾਰ ਖੁੱਡੀਆ ਸਿਰ ਬੰਨਦੀ ਹਨ, ਭੁੱਚੋ ਹਲਕੇ ਅੰਦਰ ਸਿਆਸੀ ਖਿਲਾਰਾ ਐਨਾ ਵਿਖਾਈ ਅਤੇ ਸੁਣਾਈ ਦਿੰਦਾ ਹੈ ਕਿ ਜਿਲ੍ਹੇਂ ਅੰਦਰੋ ਸੱਤਾਧਾਰੀ ਧਿਰ ਨਾਲ ਜੁੜੀ ਆਉਣ ਵਾਲੀ ਕੋਈ ਵੀ ਵੀਡੀਓ ਜਾਂ ਖਬਰ ਵਿਚ ਜਿਆਦਾਤਰ ਨਾਂਅ ਭੁੱਚੋ ਹਲਕੇ ਦਾ ਹੁੰਦਾ ਹੈ, ਉਹ ਭਾਵੇਂ ਟਰੱਕ ਯੂਨੀਅਨ, ਟਰੱਕਾਂ ਵਾਲਿਆਂ ਨਾਲ ਵਿਵਾਦ, ਚੇਅਰਮੈਨੀ ਵੰਡਣ ਬਦਲੇ ਲਾਲਚ ਆਦਿ ਅਨੇਕਾਂ ਵਿਵਾਦ ਭੁੱਚੋ ਨਾਲ ਜੁੜੇ ਹੋਏ ਹਨ। ਉਧਰ ਤਲਵੰਡੀ ਸਾਬੋ ਅੰਦਰ ਫਿਲਹਾਲ ਇਕ ਵੱਖਰੀ ਚੁੱਪੀ ਛਾਈ ਹੋਈ ਹੈ, ਜਿਹੜੀ ਕਿਸੇ ਵਿਵਾਦ ਨੂੰ ਜਨਮ ਤਾਂ ਨਹੀ ਦੇ ਰਹੀ, ਪਰ ਕਿਸੇ ਵੇਲੇ ਪਾਰਟੀ ਦੀ ਚੜਤ ਵਾਲੇ ਤਲਵੰਡੀ ਸਾਬੋ ਅੰਦਰ ਪਹਿਲਾ ਵਰਗਾ ਜੋਸ਼ ਵੀ ਵਿਖਾਈ ਨੀ ਦਿੰਦਾ ਜਦਕਿ ਲੰਬੀ ਹਲਕੇ ਤੋ ਖੁਦ ਜੱਥੇਦਾਰ ਖੁੱਡੀਆ ਕੈਬਨਿਟ ਦਾ ਹਿੱਸਾ ਵੀ ਹਨ ਅਤੇ ਸੰਸਦੀ ਚੋਣਾਂ ਵਿਚ ਉਮੀਦਵਾਰ ਵੀ, ਪਰ ਉਥੇ ਵੀ ਬਾਦਲਾਂ ਨੇ ਢਾਈ ਕੁ ਵਰ੍ਹੇਂ ਬਾਅਦ ਆਪਣੀ ਸਿਆਸੀ ਸਰਦਾਰੀ ਕਾਇਮ ਕਰ ਲਈ ਸੀ, ਜਿੱਥੇ ਵੀ ਮੁੜ ਆਪ ਪਾਰਟੀ ਨੂੰ ਕੋੜੇ ਤਜਰਬੇ ਹੀ ਹੋਏ, ਰਹੀ ਜਿਲ੍ਹੇਂ ਬਠਿੰਡਾ ਦੇ ਹਲਕਾ ਫੂਲ ਦੀ ਗੱਲ, ਇਥੇ ‘ ਇਕ ਅਨਾਰ ਸੋ ਬਿਮਾਰ ’ ਵਰਗੀ ਕਹਾਵਤ ਢੁੱਕਦੀ ਹੈ ਕਿਉਕਿ ਸੱਤਾਧਾਰੀ ਧਿਰ ਦੇ ਐਨੇ ਆਗੂ ਲੋਕਾਂ ਵਿਚਕਾਰ ਆਪਣਾ ਰਾਗ ਅਲਾਪ ਰਹੇ ਹਨ ਕਿ ਵੱਖੋ ਵੱਖਰੀਆ ਸੁਰਾਂ ਹਲਕੇ ਅੰਦਰ ਸੁਣਾਈ ਦੇ ਰਹੀਆ ਹਨ। ਜਿਨ੍ਹਾਂ ’ਤੇ ਲਗਾਮ ਲਗਾਉਣਾ ਵੀ ਪਾਰਟੀ ਦੇ ਕਿਸੇ ਵੱਡੇ ਆਗੂ ਨੇ ਵਾਜਿਬ ਨਹੀ ਸਮਝਿਆ। ਮਾਨਸਾ ਜਿਲ੍ਹੇਂ ਦੇ ਹਲਕਾ ਮਾਨਸਾ ਅੰਦਰ ਸਾਬਕਾ ਕੈਬਨਿਟ ਮੰਤਰੀ ਵਿਜੈ ਸਿੰਗਲਾ ਨੂੰ ਪਿਛਲੇ ਦਿਨੀ ਮਿਲੀ ਕਲੀਨ ਚਿਟ ਤੋ ਬਾਅਦ ਵੀ ਲੋਕਾਂ ਵਿਚਕਾਰ ਸਿੰਗਲਾ ਆਪਣਾ ਗੁਆਚਿਆ ਰੁਤਬਾ ਬਹਾਲ ਨਹੀ ਕਰ ਸਕੇ। ਸਰਦੂਲਗੜ੍ਹ ਹਲਕੇ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਆਪਣਾ ਰਿਪੋਰਟ ਕਾਰਡ ਜਨਤਕ ਕਰਕੇ ਆਪਣੀ ਪਛਾਣ ਨੂੰ ਜਿਉਦਾ ਰੱਖਿਆ ਹੈ, ਪਰ ਕੰਮਕਾਜ ਪੱਖੋ ਇਕ ਜੇ.ਈ ਵਾਲੀ ਲੀਕ ਹੋਈ ਆਡਿਓ ਨੇ ਇਨ੍ਹਾਂ ਦੀ ਅਫਸਰਸ਼ਾਹੀ ’ਤੇ ਢਿੱਲੀ ਪਕੜ੍ਹ ਨੂੰ ਜਰੂੁਰ ਜਗ ਜਾਹਿਰ ਕੀਤਾ ਹੈ। ਬੁਢਲਾਡਾ ਹਲਕੇ ਤੋ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਅਤੇ ਲਗਾਤਾਰ ਦੂੁਜੀ ਵਾਰ ਵਿਧਾਇਕ ਬਣੇ ਪਿ੍ਰੰਸੀਪਲ ਬੁੱਧ ਰਾਮ ਬਾਰੇ ਭਾਵੇਂ ਲੋਕਾਂ ਦੀਆ ਕਿਆਸਅਰਾਈਆ ਸਨ ਕਿ ਸਰਕਾਰ ਦੀ ਕੈਬਨਿਟ ਦਾ ਪਿ੍ਰੰਸੀਪਲ ਬੁੱਧ ਰਾਮ ਨੂੰ ਹਿੱਸਾ ਬਣਾਇਆ ਜਾਵੇਗਾ ਅਤੇ ਹਲਕਾ ਬੁਢਲਾਡਾ ਦੇ ਵਿਕਾਸ ਲਈ ਉਹ ਬਣਦਾ ਯੋਗਦਾਨ ਪਾਉਣਗੇ, ਭਾਵੇਂ ਸਰਕਾਰ ਦੇ ਪੋਣੇ ਚਾਰ ਵਰ੍ਹਿਆਂ ਤੱਕ ਤਾਂ ਅਜਿਹਾ ਸੰਭਵ ਨੀ ਹੋ ਸਕਿਆ, ਪਰ ਪਾਰਟੀ ਨੇ ਪਿ੍ਰੰਸੀਪਲ ਬੁੱਧ ਰਾਮ ਨੂੰ ਲੰਬਾਂ ਸਮਾਂ ਕਾਰਜਕਾਰੀ ਪ੍ਰਧਾਨ ਬਣਾ ਕੇ ਬਣਦਾ ਮਾਣ ਸਨਮਾਨ ਜਰੂਰ ਦਿੱਤਾ। ਜਿਸ ਨੇ ਪਾਰਟੀ ਅਤੇ ਲੋਕਾਂ ਵਿਚਕਾਰ ਪਿ੍ਰੰਸੀਪਲ ਬੁੱਧ ਰਾਮ ਦੇ ਸਿਆਸੀ ਰੁਤਬੇ ਨੂੰ ਜਰੂਰ ਉੱਚਾ ਕੀਤਾ ਹੈ। ਪਾਰਟੀ ਨੂੰ ਮਿਲੀਆ ਰਿਪੋਰਟਾਂ ’ਤੇ ਸੂਤਰਾਂ ਦਾ ਭਰੋਸਾ ਜੇਕਰ ਨਿਰਣੇ ਲੈਣ ਦੀ ਗੱਲ ਨੂੰ ਸਹੀ ਮੰਨ ਲਿਆ ਜਾਵੇ ਤਦ ਇਨ੍ਹਾਂ 9/10 ਹਲਕਿਆਂ ਵਿਚੋ ਅੱਧੀ ਦਰਜਣ ਵਿਧਾਇਕਾਂ ਦੀ ਟਿਕਟ ਦੀ ਛਾਂਟੀ ਸੰਭਵ ਹੈ, ਭਾਵੇਂ ਇਨ੍ਹਾਂ ਵਿਚੋ ਇੱਕਾ ਦੁੱਕਾ ਵਿਧਾਇਕ ਹਲਕਾ ਬਦਲ ਕੇ ਚੋਣ ਲੜਣ ਦੇ ਵੀ ਮੂਡ ਵਿਚ ਹਨ। ਪਾਰਟੀ ਕੀ ਫੈਸਲਾ ਲੈਂਦੀ ਹੈ, ਇਹ ਸਮਾਂ ਆਉਣ ’ਤੇ ਹੀ ਪਤਾ ਲੱਗੇਗਾ।