ਅਪ੍ਰੇਸ਼ਨਾਂ ਦੇ ਮਾਹਿਰ ਡਾ ਮਾਹਲ ਦੀ ਮੁੜ ਤਪਾ ਹਸਪਤਾਲ ਅੰਦਰ ਤੈਨਾਤੀ ਕਰਵਾਉਣ ਲਈ ਸਰਕਾਰ ਤੋ ਮੰਗ ਉੱਠਣ ਲੱਗੀ
ਡਾ ਮਾਹਲ ਦੀਆ ਸੇਵਾਵਾਂ ਦੀ ਹੋਈ ਚਹੁੰ ਪਾਸੇ ਸ਼ਲਾਘਾ
ਤਪਾ ਮੰਡੀ/ਬਰਨਾਲਾ 16 ਸਤੰਬਰ (ਸੁਭਾਸ਼ ਸਿੰਗਲਾ/ਗੁਰਪ੍ਰੀਤ ਸਿੰਘ) :- ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋ ਪਿਛਲੇ ਦਿਨੀਂ ਡਾਕਟਰਾਂ ਨੂੰ ਪਦ-ਉੱਨਤ ਕਰਨ ਉਪਰੰਤ ਹੋਏ ਤਬਾਦਲਿਆਂ ਵਿਚ ਸਥਾਨਕ ਸਬ ਡਵੀਜਨ ਹਸਪਤਾਲ ਦੇ ਅਪ੍ਰੇਸ਼ਨਾਂ ਦੇ ਮਾਹਿਰ ਡਾ ਗੁਰਪ੍ਰੀਤ ਸਿੰਘ ਮਾਹਲ ਨੂੰ ਵੀ ਸੀਨੀਅਰ ਮੈਡੀਕਲ ਅਫਸਰ ਵਜੋ ਪਦ ਉੱਨਤ ਕੀਤਾ ਗਿਆ ਸੀ, ਭਾਵੇਂ ਪਦ ਉੱਨਤ ਹੋਣ ਦੀ ਖਬਰ ਦੋ ਹਫਤੇ ਪਹਿਲਾ ਦੀ ਹੈ। ਜਿਸ ਤੋ ਬਾਅਦ ਵੀ ਉਹ ਤਪਾ ਦੇ ਸਰਕਾਰੀ ਹਸਪਤਾਲ ਅੰਦਰ ਹੀ ਆਪਣੀ ਡਿੳੂਟੀ ਨਿਭਾਉਦੇ ਰਹੇ ਜਦਕਿ ਆਮ ਲੋਕਾਂ ਅਤੇ ਸ਼ਹਿਰੀਆਂ ਵਿਚ ਆਸ ਜਗ ਰਹੀ ਸੀ ਕਿ ਡਾ ਮਾਹਲ ਤਪਾ ਦੇ ਸਬ ਡਵੀਜਨਲ ਹਸਪਤਾਲ ਅੰਦਰ ਹੀ ਆਉਦੇਂ ਦਿਨਾਂ ਵਿਚ ਬਤੌਰ ਐਸ.ਐਮ.ਓ ਵਜੋ ਤੈਨਾਤ ਕਰ ਦਿੱਤੇ ਜਾਣਗੇ, ਪਰ ਅਚਾਨਕ ਹੀ ਇਥੇ ਤੈਨਾਤ ਐਸ.ਐਮ.ਓ ਡਾ ਇੰਦੂ ਬਾਂਸਲ ਦੀ ਬਰਨਾਲਾ ਵਿਖੇ ਤੈਨਾਤੀ ਕਰ ਦਿੱਤੀ ਗਈ ਅਤੇ ਇਥੋ ਡਾ ਈਸ਼ਾ ਗੁਪਤਾ ਦੇ ਬਤੌਰ ਐਸ.ਐਮ.ਓ ਵਿਭਾਗੀ ਹੁਕਮ ਆ ਗਏ, ਭਾਵੇਂ ਉਨ੍ਹਾਂ ਨੇ ਵੀ ਅਜੇ ਤੱਕ ਚਾਰਜ ਨਹੀ ਲਿਆ ਅਤੇ ਡਾ ਮਾਹਲ ਨੂੰ ਲਾਗਲੇ ਜਿਲਾ ਬਠਿੰਡਾ ਦੇ ਸ਼ਹਿਰ ਰਾਮਪੁਰਾ ਦੇ ਸਬ ਡਵੀਜਨਲ ਹਸਪਤਾਲ ਅੰਦਰ ਬਤੌਰ ਐਸ.ਐਮ.ਓ ਤੈਨਾਤ ਕਰ ਦਿੱਤਾ ਗਿਆ ਹੈ। ਪਰ ਜਿਉ ਹੀ ਉਕਤ ਖਬਰ ਤਪਾ ਸ਼ਹਿਰ ਦੇ ਵੱਖ ਵੱਖ ਸਮਾਜਿਕ ਕਲੱਬਾਂ ਜਾਂ ਇਲਾਕੇ ਲਈ ਚਿੰਤਤ ਹੋਣ ਵਾਲੇ ਸਮਾਜਿਕ ਆਗੂਆਂ ਦੇ ਕੰਨੀ ਪਈ ਤਦ ਉਨ੍ਹਾਂ ਕਾਫੀ ਸਮੇਂ ਤੋ ਹਸਪਤਾਲ ਅੰਦਰ ਤੈਨਾਤ ਡਾ ਮਾਹਲ ਦੇ ਇਥੋ ਬਦਲੀ ਹੋ ਜਾਣ ਨੂੰ ਇਲਾਕੇ ਲਈ ਘਾਟਾ ਕਰਾਰ ਦਿੱਤਾ। ਜਿਕਰਯੋਗ ਹੈ ਕਿ ਡਾ ਗੁਰਪ੍ਰੀਤ ਸਿੰਘ ਮਾਹਲ ਪਿਛਲੇ 6/7 ਸਾਲ ਤੋ ਸਬ ਡਵੀਜਨਲ ਹਸਪਤਾਲ ਅੰਦਰ ਤੈਨਾਤ ਹਨ। ਜਿਨ੍ਹਾਂ ਨੇ 8000 ਦੇ ਕਰੀਬ ਛੋਟੇ ਵੱਡੇ ਅਪ੍ਰੇਸ਼ਨਾਂ ਕਰਕੇ ਤਕਰੀਬਨ 50 ਪਿੰਡਾਂ ਸਣੇ ਤਪਾ ਅਤੇ ਭਦੌੜ ਦੇ ਲੋੜਵੰਦ ਮਰੀਜਾਂ ਨੂੰ ਰਾਹਤ ਦਿੱਤੀ ਹੈ। ਜਿਸ ਦੇ ਚਲਦਿਆਂ ਹੀ ਉਨ੍ਹਾਂ ਦੀਆ ਅਣਥੱਕ ਸਿਹਤ ਸੇਵਾਵਾਂ ਬਦਲੇ ਲੰਘੇ ਆਜਾਦੀ ਦਿਹਾੜੇ ’ਤੇ ਜਿਲਾ ਪੱਧਰ ’ਤੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਜਿਸ ਕਾਰਨ ਡਾ ਮਾਹਲ ਦੇ ਨਾਲੋ ਨਾਲ ਤਪਾ ਹਸਪਤਾਲ ਦਾ ਵੀ ਚੰਗੀਆ ਸੇਵਾਵਾਂ ਦੇਣ ਬਦਲੇ ਕੱਦ ਉੱਚਾ ਹੋਇਆ ਹੈ।
ਹਸਪਤਾਲ, ਡਿਸਪੈਂਸਰੀਆਂ ਅਤੇ ਮੁਹੱਲਾ ਕਲੀਨਿਕ ਵਿਚ ਡਾਕਟਰਾਂ ਦੀ ਕੋਈ ਅਸਾਮੀ ਖਾਲੀ ਨਹੀ ਰਹਿਣ ਦਿੱਤੀ ਜਾਵੇਗੀ-ਵਿਧਾਇਕ ਉਗੋਕੇ
ਵਿਧਾਇਕ ਉਗੋਕੇ ਨੇ ਡਾ ਮਾਹਲ ਦੀਆ ਸਿਹਤ ਸੇਵਾਵਾਂ ਦੀ ਕੀਤੀ ਰੱਜਵੀ ਤਾਰੀਫ
ਇਸ ਸਬੰਧ ਵਿਚ ਹਲਕਾ ਵਿਧਾਇਕ ਲਾਭ ਸਿੰਘ ਉਗੋਕੇ ਦਾ ਕਹਿਣਾ ਹੈ ਕਿ ਸਬ ਡਵੀਜਨਲ ਹਸਪਤਾਲ ਤਪਾ ਅਤੇ ਸਰਕਾਰੀ ਹਸਪਤਾਲ ਭਦੌੜ ਸਣੇ ਹਲਕੇ ਭਰ ਵਿਚਲੀਆ ਡਿਸਪੈਂਸਰੀਆਂ ਵਿਚ ਸਟਾਫ ਦੀ ਕਮੀ ਨੂੰ ਉਨ੍ਹਾਂ ਪੂਰਾ ਕਰਨ ਲਈ ਹਰ ਸੰਭਵ ਯਤਨ ਕੀਤੇ ਹਨ ਜਦਕਿ ਸਰਕਾਰ ਵੱਲੋ ਮੁਹੱਲਾ ਕਲੀਨਿਕ ਵੀ ਹੋਂਦ ਵਿਚ ਲਿਆਂਦੇ ਗਏ ਤਾਂ ਜੋ ਲੋਕਾਂ ਨੂੰ ਵਧੀਆ ਸਿਹਤ ਸੇਵਾਵਾਂ ਮਿਲਦੀਆ ਰਹਿਣ, ਜਿਸ ਪ੍ਰਤੀ ਸਰਕਾਰ ਪੂੁਰੀ ਤਰ੍ਹਾਂ ਵਚਣਵੱਧ ਹੈ। ਵਿਧਾਇਕ ਉਗੋਕੇ ਨੇ ਅੱਗੇ ਕਿਹਾ ਕਿ ਮਾਣ ਵਾਲੀ ਗੱਲ ਰਹੀ ਹੈ ਕਿ ਡਾ ਗੁਰਪ੍ਰੀਤ ਸਿੰਘ ਮਾਹਲ ਨੇ ਆਪਣੇ ਇਲਾਕੇ ਦੇ ਲੋਕਾਂ ਨੂੰ ਵਧੀਆ ਸਿਹਤ ਸੇਵਾਵਾਂ ਦੇ ਕੇ ਅਸਲ ਪੁੰਨ ਦਾ ਕਾਰਜ ਕੀਤਾ ਹੈ ਜਦਕਿ ਉਨ੍ਹਾਂ ਵੱਲੋ ਵੀ ਸਮੇਂ-2 ’ਤੇ ਡਾ ਮਾਹਲ ਨਾਲ ਰਾਬਤਾ ਬਣਾ ਕੇ ਰੱਖਿਆ ਹੋਇਆ ਸੀ ਤਾਂ ਜੋ ਉਨ੍ਹਾਂ ਅਧਿਕਾਰੀਆਂ ਭਾਵੇਂ ਉਹ ਕਿਸੇ ਵੀ ਫੀਲਡ ਵਿਚ ਵਧੀਆ ਸੇਵਾਵਾਂ ਦਿੰਦੇ ਹੋਣ ਦਾ ਹੋਸਲਾ ਅਫਜਾਈ ਕਰਨ ਨੂੰ ਮੈਂ ਆਪਣਾ ਹਮੇਸ਼ਾਂ ਫਰਜ ਸਮਝਿਆ। ਵਿਧਾਇਕ ਉਗੋਕੇ ਨੇ ਵਿਸ਼ਵਾਸ਼ ਦਿਵਾਇਆ ਕਿ ਜਲਦ ਹੀ ਉਹ ਇਸ ਸਬੰਧ ਵਿਚ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਕੈਬਨਿਟ ਮੰਤਰੀ ਡਾ ਬਲਵੀਰ ਸਿੰਘ ਨਾਲ ਗੱਲ ਕਰਨਗੇ। ਜਿਕਰਯੋਗ ਹੈ ਕਿ ਵਿਧਾਇਕ ਲਾਭ ਸਿੰਘ ਉਗੋਕੇ ਦੇ ਯਤਨਾਂ ਸਦਕਾ ਸਬ ਡਵੀਜਨਲ ਹਸਪਤਾਲ ਅੰਦਰ ਡਾਕਟਰਾਂ ਦੀਆ ਪਿਛਲੇ ਸਮੇਂ ਪਈਆ ਅਨੇਕਾਂ ਖਾਲੀ ਅਸਾਮੀਆਂ ਭਰੀਆ ਗਈਆ ਹਨ। ਜਿਸ ਕਾਰਨ ਹੀ ਤਪਾ ਹਸਪਤਾਲ ਦੀਆ ਵਧੀਆ ਸਿਹਤ ਸੇਵਾਵਾਂ ਦੀ ਗੱਲ ਇਲਾਕੇ ਦੇ ਲੋਕਾਂ ਵਿਚਕਾਰ ਚਲਦੀ ਹੈ।
ਡਾ ਮਾਹਲ ਕਾਰਨ ਇਲਾਕੇ ਦੇ ਮਰੀਜਾਂ ਨੂੰ ਵੱਡੀ ਰਾਹਤ ਮਿਲਦੀ ਰਹੀ ਹੈ - ਪ੍ਰਧਾਨ ਬਾਂਸਲ
ਇਸ ਸਬੰਧ ਵਿਚ ਨਗਰ ਕੌਸਲ ਦੇ ਸਾਬਕਾ ਪ੍ਰਧਾਨ ਅਤੇ ਪੰਜਾਬ ਪ੍ਰਦੇਸ਼ ਅੱਗਰਵਾਲ ਸੰਮੇਲਣ ਦੇ ਸੂਬਾ ਪ੍ਰਧਾਨ ਤਰਲੋਚਨ ਬਾਂਸਲ ਦਾ ਕਹਿਣਾ ਹੈ ਕਿ ਲੋੜਵੰਦ ਵਿਅਕਤੀ ਅੱਜ ਸਰਕਾਰੀ ਹਸਪਤਾਲਾਂ ਤੋ ਹੀ ਆਸ ਰੱਖਦਾ ਹੈ ਕਿ ਉਸ ਦਾ ਸਸਤਾ ਅਤੇ ਵਧੀਆ ਇਲਾਜ ਕਿੰਝ ਹੋ ਸਕਦਾ ਹੈ ਜਦਕਿ ਡਾ ਗੁਰਪ੍ਰੀਤ ਸਿੰਘ ਮਾਹਲ ਇਲਾਕੇ ਦੇ ਮਰੀਜਾਂ ਲਈ ਇਕ ਵਰਦਾਨ ਸਾਬਿਤ ਹੋ ਰਹੇ ਹਨ, ਕਿਉਕਿ ਦੂਰ ਦੁਰੇਡੇ ਤੱਕ ਡਾ ਮਾਹਲ ਵੱਲੋ ਦਿੱਤੀਆ ਜਾਂਦੀਆ ਸਿਹਤ ਸੇਵਾਵਾਂ ਦੀ ਗੱਲ ਅਕਸਰ ਸੁਣੀ ਜਾਂਦੀ ਸੀ। ਜਿਸ ਕਾਰਨ ਜਾਗਰੁਕ ਲੋਕਾਂ ਨੂੰ ਪਾਰਟੀਬਾਜੀ ਤੋ ਉੱਪਰ ਉੱਠ ਕੇ ਡਾ ਮਾਹਲ ਦੀ ਤੈਨਾਤੀ ਮੁੜ ਤਪਾ ਵਿਖੇ ਕਰਵਾਉਣ ਲਈ ਅੱਗੇ ਆਉਣਾ ਚਾਹੀਦਾ ਹੈ।
ਡਾ ਮਾਹਲ ਦੀ ਮੁੜ ਤੈਨਾਤੀ ਤਪਾ ਹਸਪਤਾਲ ਕੀਤੀ ਜਾਵੇ- ਡਾ ਬਾਂਸਲ ਸਮਾਜ ਸੇਵੀ
ਨਗਰ ਕੌਸਲ ਦੇ ਪ੍ਰਧਾਨ ਡਾ ਸੋਨਿਕਾ ਬਾਂਸਲ ਦੇ ਪਤੀ ਅਤੇ ਸਮਾਜ ਸੇਵੀ ਡਾ ਬੀ.ਸੀ.ਬਾਂਸਲ ਦਾ ਕਹਿਣਾ ਹੈ ਕਿ ਡਾ ਗੁਰਪ੍ਰੀਤ ਸਿੰਘ ਮਾਹਲ ਦੀ ਮੁੜ ਤਪਾ ਦੇ ਸਰਕਾਰੀ ਹਸਪਤਾਲ ਅੰਦਰ ਤੈਨਾਤੀ ਕਰਵਾਉਣ ਲਈ ਉਹ ਵੀ ਹਲਕਾ ਵਿਧਾਇਕ ਲਾਭ ਸਿੰਘ ਉਗੋਕੇ ਦੇ ਰਾਹੀ ਪੰਜਾਬ ਸਰਕਾਰ ਤੱਕ ਪਹੁੰਚ ਕਰਨਗੇ ਤਾਂ ਜੋ ਤਪਾ ਇਲਾਕੇ ਦੇ ਲੋਕਾਂ ਨੂੰ ਨਿਰੰਤਰ ਸੇਵਾਵਾਂ ਮਿਲਦੀਆ ਰਹਿਣ ਜਦਕਿ ਉਹ ਖੁਦ ਵੀ ਡਾ ਮਾਹਲ ਨੂੰ ਇਸ ਸਬੰਧ ਵਿਚ ਬੇਨਤੀ ਕਰਨਗੇ ਕਿ ਉਹ ਤਪਾ ਨਾਲ ਆਪਣਾ ਪਿਆਰ ਬਰਕਰਾਰ ਰੱਖ ਕੇ ਇਥੇ ਹੀ ਕਿਸੇ ਤਰੀਕੇ ਨਾਲ ਸੈਂਟਲ ਹੋਣ। ਡਾ ਬਾਂਸਲ ਨੇ ਕਿਹਾ ਕਿ ਇਲਾਕੇ ਦੇ ਪਤਵੰਤੇ ਅਜਿਹੇ ਸਮਾਜਿਕ ਕਾਰਜਾਂ ਲਈ ਜਿੱਥੇ ਵੀ ਉਨ੍ਹਾਂ ਦੀ ਡਿੳੂੁਟੀ ਲਗਾਉਣਗੇ ਨੂੰ ਤਨਦੇਹੀ ਨਾਲ ਨਿਭਾਂਵਾਗਾਂ।
ਅਜਿਹੇ ਕਾਬਿਲ ਡਾਕਟਰ ਦੀ ਤਪਾ ਹਸਪਤਾਲ ਨੂੰ ਹੋਰ ਸਮਾਂ ਲੋੜ-ਧਰਮਪਾਲ ਸ਼ਰਮਾ
ਇਸ ਸਬੰਧ ਵਿਚ ਕਈ ਸਮਾਜਿਕ ਕਲੱਬਾਂ ਵਿਚ ਲੰਬਾਂ ਸਮਾਂ ਕੰਮ ਕਰਨ ਵਾਲੇ ਸਮਾਜ ਸੇਵੀ ਧਰਮਪਾਲ ਸ਼ਰਮਾਂ ਕੌਸਲਰ ਦਾ ਕਹਿਣਾ ਹੈ ਕਿ ਤਪਾ ਕੌਮੀ ਮਾਰਗ 7 ’ਤੇ ਸਥਿਤ ਹੈ, ਜਿਸ ’ਤੇ ਰੋਜਾਨਾਂ ਹਜਾਰਾਂ ਦੀ ਤਾਦਾਰ ਵਿਚ ਮੋਟਰ ਗੱਡੀਆ ਚਲਦੀਆ ਹਨ ਜਦਕਿ ਮੋਗਾ ਅੰਮਿ੍ਰਤਸਰ ਰੋਡ ਵੀ ਤਪਾ ਦੇ ਸਰਕਾਰੀ ਹਸਪਤਾਲ ਦੇ ਦਰ੍ਹਾਂ ਮੂਹਰ ਦੀ ਲੰਘਦਾ ਹੈ। ਵਾਹਨਾਂ ਦੇ ਆਉਣ ਜਾਣ ਕਾਰਨ ਸੜਕ ਹਾਦਸਿਆਂ ਲਈ ਪਿਛਲੇ ਲੰਬੇਂ ਸਮੇਂ ਤੋ ਇਹ ਸੜਕ ਮੰਨੀ ਜਾਂਦੀ ਹੈ ਅਤੇ ਮਰੀਜ ਨੂੰ ਤਪਾ ਦੇ ਸਬ ਡਵੀਜਨਲ ਹਸਪਤਾਲ ਅੰਦਰ ਇਲਾਜ ਲਈ ਲਿਆਂਦਾ ਜਾਂਦਾ ਹੈ, ਜਿੱਥੇ ਅਜਿਹੇ ਕਾਬਲ ਡਾਕਟਰ ਕਾਰਨ ਕਈ ਮਰੀਜਾਂ ਦੀ ਕੀਮਤੀ ਜਾਨ ਬਚੀ ਹੈ। ਕੌਸਲਰ ਸ਼ਰਮਾ ਨੇ ਅੱਗੇ ਕਿਹਾ ਕਿ ਲੋਕਾਂ ਦੀ ਡਿੱਗੀ ਆਰਥਿਕਤਾ ਕਾਰਨ ਇਲਾਕੇ ਦੇ ਲੋਕ ਛੋਟੇ ਵੱਡੇ ਅਪ੍ਰੇਸ਼ਨਾਂ ਲਈ ਸਰਕਾਰੀ ਹਸਪਤਾਲ ਅੰਦਰੋ ਡਾ ਮਾਹਲ ਕੋਲੋ ਇਲਾਜ ਕਰਵਾ ਲੈਂਦੇ ਸਨ। ਉਨ੍ਹਾਂ ਇਹ ਵੀ ਕਿਹਾ ਕਿ ਉਹ ਵੀ ਆਪਣੇ ਪੱਧਰ ’ਤੇ ਹਲਕਾ ਵਿਧਾਇਕ ਲਾਭ ਸਿੰਘ ਉਗੋਕੇ ਨੂੰ ਅਪੀਲ ਕਰਨਗੇ ਕਿ ਉਹ ਡਾ ਮਾਹਲ ਦੀ ਮੁੜ ਤੈਨਾਤੀ ਤਪਾ ਹਸਪਤਾਲ ਅੰਦਰ ਹੀ ਕਰਵਾਉਣ ਲਈ ਯਤਨ ਕਰਨ ਤਾਂ ਜੋ ਲੋਕਾਂ ਨੂੰ ਨਿਰੰਤਰ ਸੇਵਾਵਾਂ ਮਿਲਦੀਆ ਰਹਿਣ।
ਡਾ ਮਾਹਲ ਦੇ ਸਿਹਤ ਸੇਵਾਵਾਂ ਵਾਲੇ ਕਾਰਜ ਸਲਾਘਾਯੋਗ-ਐਡਵੋਕੇਟ ਸਿੱਧੂ
ਉਧਰ ਇਸ ਸਬੰਧ ਵਿਚ ਐਡਵੋਕੈਟ ਨਿਰਭੈ ਸਿੰਘ ਸਿੱਧੂ ਨੇ ਕਿਹਾ ਕਿ ਡਾ ਗੁਰਪ੍ਰੀਤ ਸਿੰਘ ਮਾਹਲ ਨੇ ਜੋ ਪਿਛਲੇ ਕਈ ਸਾਲਾਂ ਤੋ ਇਲਾਕੇ ਦੇ ਲੋਕਾਂ ਨੂੰ ਵਧੀਆ ਸਿਹਤ ਸੇਵਾਵਾਂ ਪ੍ਰਦਾਨ ਕੀਤੀਆ ਲਈ ਜਿੱਥੇ ਉਨ੍ਹਾਂ ਦਾ ਧੰਨਵਾਦ ਹੈ, ਉਥੇ ਇਕ ਕਾਬਲ ਡਾਕਟਰ ਹੋਣ ਦਾ ਉਨ੍ਹਾਂ ਫਰਜ ਵੀ ਬਾਖੂਬੀ ਨਿਭਾਇਆ, ਜੋ ਸ਼ਲਾਘਾਯੋਗ ਹੈ। ਉਨ੍ਹਾਂ ਅੱਗੇ ਕਿਹਾ ਕਿ ਡਾ ਮਾਹਲ ਹੁਣ ਇਲਾਕੇ ਦੇ ਲੋਕਾਂ ਲਈ ਪਰਿਵਾਰਿਕ ਮੈਂਬਰ ਵਾਂਗ ਹਨ, ਅਕਸਰ ਹੀ ਸੱਥ ਵਿਚ ਇਨ੍ਹਾਂ ਦਾ ਜਿਕਰ ਸੁਣਿਆ ਜਾਂਦਾ ਸੀ ਕਿ ਕਿੰਝ ਇਨ੍ਹਾਂ ਨੇ ਮਰੀਜ ਦਾ ਵਧੀਆ ਇਲਾਜ ਕਰਨ ਦੇ ਨਾਲੋ ਨਾਲ ਅਨੋਕਾਂ ਅਜਿਹੇ ਸਫਲ ਅਪ੍ਰੇਸ਼ਨ ਵੀ ਕੀਤੇ, ਜਿਹੜੇ ਵੱਡੇ ਇੰਸਟੀਚਿੳੂਟ ਦੇ ਵੱਸ ਦੀ ਹੀ ਗੱਲ ਸੀ ਪਰ ਇਨ੍ਹਾਂ ਨੇ ਆਪਣੇ ਤਜਰਬੇ ਵਿਚੋ ਇੱਥੇ ਸੰਭਵ ਕਰ ਵਿਖਾਇਆ। ਉਨ੍ਹਾਂ ਸਰਕਾਰ ਤੋ ਮੰਗ ਕੀਤੀ ਕਿ ਡਾ ਮਾਹਲ ਨੂੰ ਬਤੌਰ ਐਸ.ਐਮ.ਓ ਤਪਾ ਤੈਨਾਤ ਕੀਤਾ ਜਾਵੇ।