ਠੇਕੇਦਾਰ ਕਹਿੰਦਾ ਨਗਰ ਕੌਸਲ ਬਰਨਾਲਾ ਦਾ ਈ.ਓ ਕਮਿਸ਼ਨ ਦਾ 200 ਵੀ ਘੱਟ ਨੀ ਲੈਦਾ !
ਹੁਣ ਬਰਨਾਲਾ ਦੇ ਈ.ਓ ’ਤੇ ਲੱਗੇ ਲੱਖਾਂ ਰੁਪੈ ਕਮਿਸ਼ਨ ਮੰਗਣ ਦੇ ਦੋਸ਼
ਬਰਨਾਲਾ 18 ਸਤੰਬਰ (ਲੁਭਾਸ਼ ਸਿੰਗਲਾ/ਗੁਰਪ੍ਰੀਤ ਸਿੰਘ) :- ਨਗਰ ਕੌਸਲ ਬਰਨਾਲਾ ਨੂੰ ਭਿ੍ਰਸ਼ਟਾਚਾਰ ਦਾ ਦੈਂਤ ਨਿਗਲਦਾ ਜਾ ਰਿਹਾ ਹੈ, ਕਿਉਕਿ ਲਗਾਤਾਰ ਭਿ੍ਰਸਟਾਚਾਰ ਕਾਰਨ ਸੁਰਖੀਆ ਵਿਚ ਘਿਰੀ ਨਗਰ ਕੌਸਲ ਬਰਨਾਲਾ ਦੇ ਅਧਿਕਾਰੀ ਇਕ ਵਾਰ ਫੇਰ ਭਿ੍ਰਸ਼ਟਾਚਾਰ ਦੇ ਦੋਸ਼ਾਂ ਕਾਰਨ ਲੋਕ ਕਟਿਹਰੇ ਵਿਚ ਆ ਗਏ ਹਨ ਜਦਕਿ ਹੁਣ ਨਗਰ ਕੌਸਲ ਦੀ ਅਹਿਮ ਕੁਰਸੀ ’ਤੇ ਬਿਰਾਜਮਾਨ ਕਾਰਜ ਸਾਧਕ ਅਫਸਰ ਖਿਲਾਫ ਸ਼ੋਸ਼ਲ ਮੀਡੀਆ ’ਤੇ ਇਕ ਠੇਕੇਦਾਰ ਨੇ ਕਥਿਤ ਤੌਰ ’ਤੇ ਲੱਖਾਂ ਰੁਪੈ ਕਮਿਸ਼ਨ ਵਜੋ ਲੈਣ ਦਾ ਮੁੱਦਾ ਜਨਤਕ ਕਰ ਦਿੱਤਾ ਹੈ। ਜਿਸ ਤੋ ਬਾਅਦ ਕਾਰਜ ਸਾਧਕ ਅਫਸਰ ਵੱਲੋ ਖੁਦ ਨੂੰ ਘਿਰਦਾ ਵੇਖ ਕੇ ਗੇਂਦ ਪੁਲਿਸ ਦੇ ਪਾਲੇ ਵਿਚ ਧੱਕ ਰਿਹਾ ਹੈ ਤਾਂ ਜੋ ਕਿਸੇ ਤਰੀਕੇ ਨਾਲ ਬਚਾਅ ਹੋ ਸਕੇ। ਬਰਨਾਲਾ ਅਤੇ ਧਨੋਲਾ ਨਗਰ ਕੌਸਲ ਵਿਖੇ ਬਤੌਰ ਠੇਕੇਦਾਰ ਕੰਮ ਕਰਨ ਵਾਲੇ ਤਲਵੰਡੀ ਸਾਬੋ ਦੇ ਵਸਨੀਕ ਅਮਨਦੀਪ ਸ਼ਰਮਾ ਨੇ ਸ਼ੋਸ਼ਲ ਮੀਡੀਆ ’ਤੇ ਇਕ ਵੀਡੀਓ ਅੱਪਲੋਡ ਕਰਕੇ ਉਸ ਰਾਹੀ ਦੱਸਿਆਂ ਕਿ ਕਾਰਜ ਸਾਧਕ ਅਫਸਰ ਬਰਨਾਲਾ ਕਥਿਤ ਤੌਰ ’ਤੇ ਵਿਕਾਸ ਕਾਰਜ ਕਰਨ ਉਪਰੰਤ ਉਸ ਦੀ ਬਣਦੀ ਰਾਸ਼ੀ ਦੇ ਹਰੇਕ ਠੇਕੇਦਾਰ ਨੂੰ ਚੈਂਕ ’ਤੇ ਦਸਤਖਤ ਕਰਨ ਬਦਲੇ ਕਮਿਸ਼ਨ ਵਜੋ ਮੋਟੀ ਰਕਮ ਵਸੂਲਦਾ ਹੈ। ਜਿਸ ਨੇ ਪਹਿਲਾ ਵੀ ਧਨੋਲਾ ਵਿਖੇ ਉਸ ਵੱਲੋ ਕੀਤੇ ਕਰੀਬ 44 ਲੱਖ ਰੁਪੈ ਦੇ ਕੰਮਾਂ ਬਦਲੇ ਲੱਖਾਂ ਰੁਪੈ ਕਮਿਸ਼ਨ ਲਿਆ ਜਦਕਿ ਹੁਣ ਤਾਂ ਹੱਦ ਹੀ ਹੋ ਗਈ ਜਦ ਬਰਨਾਲਾ ਨਗਰ ਕੌਸਲ ਵਿਖੇ ਉਸ ਨੂੰ 1.25 ਕਰੋੜ ਰੁਪੇ ਦੇ ਟੈਂਡਰ ਸਰਕਾਰੀ ਹਦਾਇਤਾਂ ਤਹਿਤ 15 ਫੀਸਦੀ ਕਟੋਤੀ ’ਤੇ ਅਲਾਟ ਹੋਏ ਸਨ, ਪਰ ਇਸ ਦੇ ਬਾਵਜੂਦ 3 ਫੀਸਦੀ ਹੋਰ ਟੈਂਡਰ ਇਕ ਪੱਤਰ ਰਾਹੀ ਹੋਰ ਘਟਾ ਕੇ 18 ਫੀਸਦੀ ਕਰ ਦਿੱਤੇ ਗਏ। ਠੇਕੇਦਾਰ ਅਮਨਦੀਪ ਸ਼ਰਮਾ ਨੇ ਅੱਗੇ ਕਿਹਾ ਕਿ ਹੁਣ 1.25 ਕਰੋੜ ਰੁਪੈ ਦੇ ਟੈਂਡਰ ਬਦਲੇ ਕਾਰਜ ਸਾਧਕ ਅਫਸਰ ਵਰਕ ਆਰਡਰ ਦੇਣ ਦੇ ਹੀ ਕਥਿਤ ਤੌਰ ’ਤੇ 2 ਫੀਸਦੀ ਕਮਿਸ਼ਨ ਵਜੋ 2.50 ਲੱਖ ਰੁਪੈ ਦੀ ਮੰਗ ਕਰ ਰਿਹਾ ਹੈ ਜਦਕਿ ਨਾਲ ਹੀ ਬਿਨ੍ਹਾਂ ਵਰਕ ਆਰਡਰ ਦਿੱਤੇ ਕੰਮ ਚਲਾਉਣ ਲਈ ਵੀ ਦਬਾਅ ਬਣਾ ਰਹੇ ਹਨ। ਠੇਕੇਦਾਰ ਨੇ ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਇਥੋ ਤੱਕ ਕਿਹਾ ਕਿ ਕਾਰਜ ਸਾਧਕ ਅਫਸਰ ਬਰਨਾਲਾ ਨੇ ਪਹਿਲਾ ਵੀ ਇਕ ਚੈਕ ’ਤੇ ਦਸਤਖਤ ਕਰਨ ਬਦਲੇ ਬਣਦੇ ਕਮਿਸ਼ਨ ਵਿਚੋ 200 ਘੱਟ ਤੱਕ ਲੈਣ ਤੋ ਮਨਾਹੀ ਕਰ ਦਿੱਤੀ ਸੀ। ਉਨ੍ਹਾਂ ਇਹ ਵੀ ਕਿਹਾ ਕਿ ਪਿਛਲੇ ਸਮੇਂ ਇਕ ਲੇਖਾਕਾਰ ਸੇਤੀਆ ਜੋ ਵਿਜੀਲੈਂਸ ਵਿਭਾਗ ਨੇ ਭਿ੍ਰਸ਼ਟਾਚਾਰ ਦੇ ਦੋਸ਼ਾਂ ਹੇਠ ਹਿਰਾਸਤ ਵਿਚ ਲਿਆ ਸੀ ਕੋਲ ਵੀ ਉਕਤ ਕਾਰਜ ਸਾਧਕ ਅਫਸਰ ਦਾ ਹੀ ਕਮਿਸ਼ਨ ਸੀ ਜਦਕਿ ਉਹ ਵਿਚਾਰਾ ਤਾਂ ਐਵੇ ਹੀ ਬਲੀ ਦਾ ਬੱਕਰਾ ਬਣ ਗਿਆ। ਠੇਕੇਦਾਰ ਸ਼ਰਮਾ ਨੇ ਪੰਜਾਬ ਦੇ ਮੁੱਖ ਮੰਤਰੀ, ਵਿਜੀਲੈਂਸ ਮੁੱਖੀ ਸਣੇ ਸਥਾਨਕ ਸਰਕਾਰਾਂ ਵਿਭਾਗ ਦੇ ਉੱਚ ਅਧਿਕਾਰੀਆਂ ਤੋ ਮੰਗ ਕੀਤੀ ਹੈ ਕਿ ਉਕਤ ਕਾਰਜ ਸਾਧਕ ਅਫਸਰ ਦੀ ਜਾਇਦਾਦ ਦੀ ਪੜਤਾਲ ਕੀਤੀ ਜਾਵੇ ਤਾਂ ਕਰੋੜਾਂ ਰੂੁਪੈ ਦੇ ਰਿਸ਼ਵਤ ਮਾਮਲੇ ਸਾਹਮਣੇ ਆਉਣਗੇ। ਉਧਰ ਕਾਰਜ ਸਾਧਕ ਅਫਸਰ ਬਰਨਾਲਾ ਨਾਲ ਜਦ ਗੱਲ ਕੀਤੀ ਤਦ ਉਨ੍ਹਾਂ ਆਪਣੇ ਉੱਪਰ ਲੱਗੇ ਦੋਸ਼ਾਂ ਨੂੰ ਸੋ ਫੀਸਦੀ ਝੂਠਾ ਕਰਾਰ ਦਿੰਦਿਆਂ ਕਿਹਾ ਕਿ ਕਿਸੇ ਦਾ ਮੂੰਹ ਤਾਂ ਫੜਿਆ ਨੀ ਜਾ ਸਕਦਾ ਪਰ ਇਸ ਸਬੰਧ ਵਿਚ ਕਾਨੂੰਨੀ ਰਾਇ ਲੈ ਰਿਹਾ ਹੈ, ਜਲਦ ਹੀ ਇਸ ਠੇਕੇਦਾਰ ਖਿਲਾਫ ਮਾਨਹਾਨੀ ਦਾ ਮਾਮਲਾ ਦਰਜ ਕਰਵਾਇਆ ਜਾਵੇਗਾ। ਜਿਕਰਯੋਗ ਇਹ ਵੀ ਹੈ ਕਿ ਬਰਨਾਲਾ ਦੀ ਨਗਰ ਕੌਸਲ ਵਿਚ ਭਿ੍ਰਸ਼ਟਾਚਾਰ ਦਾ ਵੜਿਆ ਕਾਲਾ ਨਾਗ ਨਾ ਤਾਂ ਵਿਜੀਲੈਂਸ ਦੇ ਕਾਬੂ ਆਉਦਾ ਹੈ ਨਾ ਹੀ ਪੰਜਾਬ ਸਰਕਾਰ ਦੀ ਕਿਸੇ ਹੋਰ ਜਾਂਚ ਏਜੰਸੀ ਦੇ, ਜੇਕਰ ਇਨ੍ਹਾਂ ਨੂੰ ਕਾਬੂ ਨਾ ਕੀਤਾ ਗਿਆ ਤਾਂ ਸੱਤਾਧਾਰੀਆਂ ਲਈ ਵੱਡੀ ਖਤਰੇ ਦੀ ਗੱਲ ਬਣ ਜਾਵੇਗਾ।