ਨਗਰ ਕੌਸਲ ਦੀ ਕੁਰਸੀ ਸੱਤਾ ਦਾ ਆਨੰਦ ਮਾਨਣ ਲਈ ਨਹੀ, ਬਲਕਿ ਤੁਹਾਨੂੰ ਹਮੇਸ਼ਾਂ ਲੋਕ ਸੇਵਾ ਲਈ ਪ੍ਰੇਰਿਤ ਕਰਦੀ ਰਹਿੰਦੀ ਹੈ-ਡਾ ਸੋਨਿਕਾ ਬਾਂਸਲ
ਨਗਰ ਕੌਸਲ ਪ੍ਰਧਾਨ ਡਾ ਸੋਨਿਕਾ ਬਾਂਸਲ ਦੇ ਕਾਰਜਕਾਲ ਦਾ ਇਕ ਵਰ੍ਹਾਂ ਪੂਰਾ ਹੋਣ ’ਤੇ ਵਿਸ਼ੇਸ
ਤਪਾ ਮੰਡੀ 20 ਸਤੰਬਰ- (ਸੁਭਾਸ਼ ਸਿੰਗਲਾ) :- ਸਥਾਨਕ ਨਗਰ ਕੌਸਲ ਦੀ ਪ੍ਰਧਾਨ ਡਾ ਸੋਨਿਕਾ ਬਾਂਸਲ ਨੇ ਆਪਣਾ ਇਕ ਵਰ੍ਹੇਂ ਦਾ ਕਾਰਜਕਾਲ ਪੂਰਾ ਹੋਣ ’ਤੇ ਸ਼ਹਿਰੀਆਂ ਦਾ ਜਿੱਥੇ ਸਹਿਯੋਗ ਲਈ ਧੰਨਵਾਦ ਕੀਤਾ, ਉਥੇ ਆਪਣੇ ਕਾਰਜਕਾਲ ਦੌਰਾਨ ਕੀਤੇ ਕੰਮਾਂ ’ਤੇ ਵੀ ਚਾਨਣਾ ਪਾਇਆ। ਸ੍ਰੀਮਤੀ ਬਾਂਸਲ ਨੇ ਕਿਹਾ ਕਿ ਬੇਸ਼ੱਕ ਲੰਘਿਆ ਇਕ ਵਰ੍ਹਾਂ ਕੰਮਕਾਜ ਦੀ ਭੱਜਦੋੜ ਦਾ ਹੀ ਹਿੱਸਾ ਬਣਿਆ ਰਿਹਾ ਕਿਉਕਿ ਸ਼ਹਿਰ ਦੀ ਸੁੰਦਰਤਾ ਜਾਂ ਲੋੜ ਲਈ ਮਾਸਟਰ ਪਲਾਨ ਤਿਆਰ ਕਰਨਾ ਮੇਰਾ ਇਕ ਸੁੰਦਰ ਸੁਪਨਾ ਸਜਾਉਣਾ ਵਰਗਾ ਸੀ ਤਾਂ ਜੋ ਸ਼ਹਿਰੀਆਂ ਨਾਲ ਕੀਤੇ ਵਿਕਾਸ ਦੇ ਵਾਅਦੇ ’ਤੇ ਖਰਾ ਉੱਤਰ ਸਕਾ। ਉਨ੍ਹਾਂ ਕਿਹਾ ਕਿ ਭਾਵੇਂ ਲੋਕ ਨਗਰ ਕੌਸਲ ਦੇ ਪ੍ਰਧਾਨ ਦੀ ਕੁਰਸੀ ਨੂੰ ਸਿਆਸਤ ਨਾਲ ਜੋੜ ਕੇ ਹੀ ਵੇਖਿਆ ਜਾਂਦਾ ਹੈ, ਪਰ ਯਕੀਨ ਮੰਨਿਓ ਕਿ ਮੈਂ ਇਸ ਨੂੰ ਪਰਿਵਾਰ ਦੀ ਜੁੰਮੇਵਾਰੀ ਵਾਂਗ ਵੇਖਿਆ ਕਿਉਕਿ ਸ਼ਹਿਰ ਜਿੱਥੇ ਮੈਨੂੰ ਆਪਣਾ ਘਰ ਜਾਪ ਰਿਹਾ ਹੈ, ਉਥੇ ਸ਼ਹਿਰੀ ਮੈਨੂੰ ਪਰਿਵਾਰ ਵਾਂਗ ਜਾਪ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਸ਼ਹਿਰ ਅੰਦਰਲੇ ਸਕੂਲ ਰੋਡ ਅਤੇ ਅੰਦਰਲੀ ਅਨਾਜ ਮੰਡੀ ਵਿਚ ਮੀਂਹਾਂ ਵਿਚ ਖੜਦਾ ਪਾਣੀ ਹਮੇਸ਼ਾਂ ਰੜਕਦਾ ਰਹਿੰਦਾ ਹੈ, ਭਾਵੇਂ ਨਗਰ ਕੌਸਲ ਵਿਚ ਬਤੌਰ ਪ੍ਰਧਾਨ ਕਾਰਜਕਾਲ ਸੰਭਾਲਣ ਸਾਰ ਹੀ ਸ਼ਹਿਰ ਨੂੰ ਮੀਂਹਾਂ ਦੇ ਪਾਣੀ ਜਾਂ ਫੇਰ ਰੋਜ ਰੁਕਦੇ ਸੀਵਰੇਜ ਤੋ ਨਿਜਾਤ ਦਿਵਾਉਣ ਲਈ ਪੂਰੀ ਪਾਇਪ ਲਾਇਨ ਨੂੰ ਅਧੁਨਿਕ ਮਸ਼ੀਨ ਨਾਲ ਸਾਫ ਕਰਵਾਇਆ ਸੀ ਤਾਂ ਜੋ ਆਉਦੇਂ ਦਿਨਾਂ ਵਿਚ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨਾ ਆਵੈ, ਜਾਂ ਫੇਰ ਇਹ ਕਹਿ ਲਈਏ ਕਿ ਪ੍ਰਮਾਤਮਾ ਨੇ ਪਹਿਲਾ ਹੀ ਮੱਤ ਦੇ ਦਿੱਤੀ ਸੀ ਕਿ ਆਉਣ ਵਾਲਾ ਸਮਾਂ ਮੁਸ਼ਕਿਲ ਅਤੇ ਇਮਤਿਹਾਨ ਭਰਿਆ ਹੋਵੇਗਾ, ਜਿਸ ਕਾਰਨ ਲੰਘੇ ਦਿਨਾਂ ਵਿਚ ਪਏ ਬੇ-ਤਹਾਸ਼ਾ ਮੀਂਹ ਨੇ ਤਪਾ ਸ਼ਹਿਰ ਅਤੇ ਸ਼ਹਿਰੀਆਂ ਦਾ ਵੀ ਕਾਫੀ ਨੁਕਸਾਨ ਕੀਤਾ, ਕੁਝ ਜਾਨਾਂ ਵੀ ਗਈਆ, ਲੋਕਾਂ ਦੇ ਆਸ਼ਿਆਨੇ ਢਹਿ ਢੇਰੀ ਹੋ ਗਏ, ਜਿਨ੍ਹਾਂ ਦੀ ਭਰਪਾਈ ਅਤੇ ਘਾਟੇ ਕਿਸੇ ਵੀ ਤਰ੍ਹਾਂ ਪੂਰੇ ਨਹੀ ਹੋ ਸਕਦੇ, ਪਰ ਯਕੀਨ ਮੰਨਿਓ ਉਨ੍ਹਾਂ ਦਿਨਾਂ ਵਿਚ ਦਿਨ ਦਾ ਚੈਨ ਅਤੇ ਰਾਤ ਦੀ ਨੀਂਦ ਖੰਭ ਲਾ ਕੇ ਉੱਡ ਗਈ ਸੀ, ਇਥੋ ਤੱਕ ਕਿ ਪਾਣੀ ਦੀ ਨਿਕਾਸੀ ਲਈ ਲੱਗੀਆ ਮੋਟਰਾਂ ਅਤੇ ਉਨ੍ਹਾਂ ’ਤੇ ਕੰਮ ਕਰਨ ਵਾਲੇ ਮੁਲਾਜਮਾਂ ’ਤੇ ਹਰ ਵੇਲੇ ਨਜਰ ਅਤੇ ਰਾਬਤਾ ਬਣਿਆ ਰਹਿੰਦਾ ਸੀ ਤਾਂ ਜੋ ਜਲਦ ਤੋ ਜਲਦ ਸ਼ਹਿਰ ਅੰਦਰ ਖੜਾ ਪਾਣੀ ਨਿਕਲ ਸਕੇ ਅਤੇ ਪ੍ਰਮਾਤਮਾ ਦੀ ਕ੍ਰਿਪਾ ਸਦਕਾ ਅਜਿਹਾ ਸੰਭਵ ਵੀ ਹੋਇਆ। ਜਿਸ ਨੇ ਸਭ ਨੂੰ ਸੁੱਖ ਦਾ ਸਾਹ ਦਿਵਾਇਆ। ਸ੍ਰੀਮਤੀ ਬਾਂਸਲ ਨੇ ਕਿਹਾ ਕਿ ਸੀਵਰੇਜ ਦੀ ਸਫਾਈ ਲਈ ਕੰਮ ਕਰਨ ਵਾਲੇ ਮੁਲਾਜਮਾਂ ਨਾਲ ਜਦ ਖੁੱਲੀ ਗੱਲਬਾਤ ਹੁੰਦੀ ਹੈ ਤਦ ਉਹ ਦੱਸਦੇ ਹਨ ਕਿ ਹੁਣ ਸੀਵਰੇਜ ਸਫਾਈ ਵੇਲੇ ਪਲਾਸਟਿਕ ਦੇ ਲਿਫਾਫੇ ਘੱਟ ਨਿਕਲਦੇ ਹਨ, ਜਿਸ ਲਈ ਸ਼ਹਿਰੀ ਵਧਾਈ ਦੇ ਪਾਤਰ ਹਨ, ਜਿਨ੍ਹਾਂ ਨੂੰ ਮੈਂ ਅਹੁਦਾ ਸੰਭਾਲਣ ਸਾਰ ਹੀ ਅਪੀਲ ਕੀਤੀ ਸੀ ਕਿ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋ ਘੱਟ ਕਰਨ ਦੇ ਨਾਲੋ ਨਾਲ ਖੁੱਲੇ ਵਿਚ ਲਿਫਾਫੇ ਨਾ ਸੁੱਟੇ ਜਾਣ ਤਾਂ ਜੋ ਉਕਤ ਖਿੱਲਰੇ ਲਿਫਾਫੇ ਸੀਵਰੇਜ ਨੂੰ ਰੋਕਣ ਵਿਚ ਹਿੱਸਾ ਨਾ ਬਣਨ, ਅਤੇ ਸ਼ਹਿਰੀ ਵੇਖ ਸਕਦੇ ਹਨ ਕਿ ਪਿਛਲੇ ਇਕ ਸਾਲ ਤੋ ਸੀਵਰੇਜ ਦਾ ਪਾਣੀ ਸੜਕਾਂ ‘ਤੇ ਨਹੀ ਤੁਰਿਆ ਫਿਰਦਾ ਜਾਂ ਫੇਰ ਸੀਵਰੇਜ ਦੀ ਸਫਾਈ ਲਈ ਪਹਿਲਾ ਵਾਂਗ ਜਗ੍ਹਾਂ-2 ’ਤੇ ਪੰਪ ਨਹੀ ਲੱਗੇ ਹੁੰਦੇ, ਜੋ ਸਾਡੀ ਆਪਿਸ ਵਿਚ ਮਿਲ ਕੇ ਹੋਈ ਵੱਡੀ ਜਿੱਤ ਹੈ।
ਪੰਜਾਬ ਸਰਕਾਰ ਅਤੇ ਹਲਕਾ ਵਿਧਾਇਕ ਲਾਭ ਸਿੰਘ ਉਗੋਕੇ ਦਾ ਧੰਨਵਾਦ - ਪ੍ਰਧਾਨ ਡਾ ਸੋਨਿਕਾ ਬਾਂਸਲ
ਨਗਰ ਕੌਸਲ ਪ੍ਰਧਾਨ ਡਾ ਸੋਨਿਕਾ ਬਾਂਸਲ ਨੇ ਪੰਜਾਬ ਸਰਕਾਰ ਅਤੇ ਹਲਕਾ ਵਿਧਾਇਕ ਲਾਭ ਸਿੰਘ ਉਗੋਕੇ ਦਾ ਧੰਨਵਾਦ ਕਰਦਿਆਂ ਕਿਹਾ ਕਿ ਸ਼ਹਿਰ ਦੇ ਵਿਕਾਸ ਲਈ ਪਿਛਲੇ ਦਿਨੀ ਕੀਤੀ ਬੇਨਤੀ ਨੂੰ ਉਨ੍ਹਾਂ ਪ੍ਰਵਾਨ ਕੀਤਾ ਅਤੇ ਕਰੋੜਾਂ ਰੁਪੈ ਵਿਕਾਸ ਕਾਰਜਾਂ ਲਈ ਪ੍ਰਵਾਨ ਕੀਤੇ, ਜਿਨ੍ਹਾਂ ਲਈ ਟੈਂਡਰ ਲੱਗ ਚੁੱਕੇ ਹਨ ਅਤੇ ਜਲਦ ਹੀ ਸ਼ਹਿਰ ਅੰਦਰ ਵਿਕਾਸ ਕਾਰਜ ਸ਼ੁਰੂ ਹੋ ਜਾਣਗੇ। ਉਨ੍ਹਾਂ ਕੰਮਾਂ ਸਬੰਧੀ ਵਿਸਥਾਰ ਨਾਲ ਦੱਸਿਆਂ ਕਿ ਸ਼ਹਿਰ ਦੀਆ ਅੰਦਰੂਨੀ ਸੜਕਾਂ ਜਿਹੜੀਆ ਸਾਡੇ ਮਹਿਮਾਨਾਂ ਨੂੰ ਸ਼ਹਿਰ ਨਾਲ ਜੋੜਦੀਆ ਹਨ, ਦੀ ਹਾਲਤ ਕਾਫੀ ਸਮੇਂ ਦੀਆ ਬਣੀਆ ਹੋਣ ਕਾਰਨ ਖਸਤਾ ਹੋ ਗਈ ਸੀ ਅਤੇ ਮੁੜ ਨਿਰਮਾਣ ਭਾਲਦੀਆ ਸਨ, ਜਿਨ੍ਹਾਂ ਵਿਚ ਪੁਰਾਣੇ ਸਟੇਸ਼ਨ ਤੋ ਲੈ ਕੇ ਦਰਾਜ ਫਾਟਿਕ, ਬਹਾਵਲਪੁਰੀਆ ਦੀ ਚੱਕੀ-ਘੁੰਨਸਾਂ ਵਾਲਿਆਂ ਦੀ ਡੇਅਰੀ ਤੋ ਲੈ ਕੇ ਘੁੰਨਸ ਰੋਡ ਤੱਕ, ਸਟੇਸ਼ਨ ਵਾਲੀ ਗਲੀ, ਮਾਤੀ ਦਾਤੀ ਰੋਡ ਆਦਿ ਪ੍ਰਮੁੱਖ ਹਨ।
ਲੰਬੇਂ ਚਿਰ ਤੋ ਲਟਕਦੀ ਮੰਗ ’ਤੇ ਪਿਆ ਬੂਰ- ਸ੍ਰੀਮਤੀ ਬਾਂਸਲ ਨੇ ਦੱਸਿਆਂ ਕਿ ਕਰੀਬ 35 ਕੁ ਵਰ੍ਹੇਂ ਪਹਿਲਾ ਬਣੀ ਅੰਦਰਲੀ ਅਨਾਜ ਮੰਡੀ, ਜਿਹੜੇ ਸ਼ਹਿਰ ਦੇ ਪ੍ਰਮੁੱਖ ਕਾਰੋਬਾਰ ਦਾ ਧੁਰਾ ਹੈ ਕਿਉਕਿ ਆੜਤੀਆਂ ਦੀਆ 125 ਤੋ ਵਧੇਰੇ ਆੜ੍ਹਤ ਦੇ ਕਾਰੋਬਾਰ ਨਾਲ ਸਬੰਧਤ ਸਮੁੱਚੀਆ ਦੁਕਾਨਾਂ ਅੰਦਰਲੀ ਅਨਾਜ ਮੰਡੀ ਵਿਚ ਹਨ ਜਦਕਿ ਸੈਂਕੜੇ ਦੁਕਾਨਾਂ ਹੋਰਨਾਂ ਕਾਰੋਬਾਰੀਆਂ ਦੀਆ ਹਨ, ਦੀ ਸੜਕ ਦਾ ਨਿਰਮਾਣ ਇੰਟਰਲਾਕ ਟਾਇਲਾਂ ਨਾਲ ਹੋਣ ਦੇ ਨਾਲੋ ਨਾਲ ਮੁੱਖ ਮੰਗ ਸੀਵਰੇਜ ਵੀ ਪਾਇਆ ਜਾਵੇਗਾ ਤਾਂ ਜੋ ਉਕਤ ਮੰਡੀ ਅੰਦਰ ਸੀਵਰੇਜ ਪਾਉਣ ਦੀ ਲਟਕਦੀ ਮੰਗ ਨੂੰ ਪੂਰਾ ਕੀਤਾ ਜਾ ਸਕੇ। ਜਿਸ ਨਾਲ ਅਨੇਕਾਂ ਸਮੱਸਿਆਵਾਂ ਖਤਮ ਹੋਣਗੀਆ। ਇਸ ਤੋ ਇਲਾਵਾ ਸ਼ਹਿਰ ਦੇ ਢਿਲਵਾਂ ਰੋਡ ’ਤੇ ਸਥਿਤ ਪਿਆਰਾ ਲਾਲ ਬਸਤੀ ਅੰਦਰਲੀਆ ਕਈ ਗਲੀਆ ਵਿਚ ਸੀਵਰੇਜ ਨਹੀ ਪਿਆ ਹੋਇਆ ਅਤੇ ਵਸਿੰਦਿਆਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਨੂੰ ਹੱਲ ਕਰਨ ਲਈ ਵੀ ਉਕਤ ਗਲੀਆ ਅੰਦਰ ਸੀਵਰੇਜ ਪਾਇਆ ਜਾ ਰਿਹਾ ਹੈ।
ਸਮੁੱਚਾ ਸ਼ਹਿਰ ਵਿਚ ਪਵੇਗਾ ਸੀਵਰੇਜ ਅਤੇ ਲੱਗਣਗੇ ਸੀ.ਸੀ.ਟੀ.ਵੀ ਕੈਮਰੇ-ਡਾ ਬੀ.ਸੀ. ਬਾਂਸਲ
ਨਗਰ ਕੋਸਲ ਦੇ ਪ੍ਰਧਾਨ ਡਾ ਸੋਨਿਕਾ ਬਾਂਸਲ ਦੇ ਪਤੀ ਡਾ ਬਾਲ ਚੰਦ ਬਾਂਸਲ ਨੇ ਦੱਸਿਆ ਕਿ ਸ਼ਹਿਰ ਦੇ ਵਿਕਾਸ ਲਈ ਜਿੱਥੇ ਕਰੋੜਾਂ ਰੁਪੈ ਦੇ ਵਿਕਾਸ ਕਾਰਜ ਜਲਦ ਸ਼ੁਰੂ ਹੋਣ ਜਾ ਰਹੇ ਹਨ, ਉਥੇ 4.75 ਕਰੋੜ ਰੁਪੈ ਦੀ ਲਾਗਤ ਨਾਲ ਸੀਵਰੇਜ ਵੀ ਪਾਇਆ ਜਾਵੇਗਾ ਜੋ ਸਮੁੱਚੇ ਸ਼ਹਿਰ ਨੂੰ ਸੀਵਰੇਜ ਨਾਲ ਜੋੜੇਗਾ ਅਤੇ ਨਵੇਂ ਬੱਸ ਅੱਡੇ ਵਾਲੀ ਜਗ੍ਹਾਂ ਵਿਚ ਪੀਣ ਵਾਲੇ ਪਾਣੀ ਲਈ ਵੀ ਬੋਰ ਹੋਵੇਗਾ ਅਤੇ ਪਾਣੀ ਦੀ ਕਿੱਲਤ ਨੂੰ ਖਤਮ ਕਰਨ ਲਈ ਵੱਡੀ ਟੈਂਕੀ ਹੋਂਦ ਵਿਚ ਲਿਆਂਦੀ ਜਾ ਰਹੀ ਹੈ ਤਾਂ ਜੋ ਸ਼ਹਿਰ ਦੀ ਕਿਸੇ ਬਸਤੀ-ਮੁਹੱਲੇ ਅੰਦਰ ਪਾਣੀ ਦੀ ਕਮੀ ਨਾ ਰਹਿ ਸਕੇ। ਉਨ੍ਹਾਂ ਅੱਗੇ ਦੱਸਿਆਂ ਕਿ ਸ਼ਹਿਰ ਅੰਦਰ ਜੁਰਮ ਨੂੰ ਸਿਫਰ ਕਰਨ ਲਈ ਸ਼ਹਿਰ ਨੂੰ ਸੀ.ਸੀ.ਟੀ.ਵੀ ਕੈਮਰਿਆਂ ਅਧੀਨ ਲਿਆਂਦਾ ਜਾ ਰਿਹਾ ਹੈ ਤਾਂ ਜੋ ਸ਼ਹਿਰ ਹਰ ਵੇਲੇ ਪ੍ਰਸਾਸਨ ਦੀ ਨਿਗਰਾਨੀ ਵਿਚ ਰਹੇ ਅਤੇ ਕਿਸੇ ਵੀ ਅਣਸੁਖਾਵੀ ਘਟਨਾ ਤੋ ਸ਼ਹਿਰ ਅਤੇ ਸ਼ਹਿਰੀਆਂ ਨੂੰ ਬਚਾਇਆ ਜਾ ਸਕੇ। ਡਾ ਬਾਂਸਲ ਨੇ ਅੱਗੇ ਕਿਹਾ ਕਿ ਪ੍ਰਮਾਤਮਾ ਦੀ ਮੇਹਰ ਸਦਕਾ ਸ਼ਹਿਰੀਆਂ ਵੱਲੋ ਲਗਾਈ ਡਿੳੂਟੀ ਨੂੰ ਤਨਦੇਹੀ ਨਾਲ ਨਿਭਾਇਆ ਜਾ ਰਿਹਾ ਹੈ ਤਾਂ ਜੋ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕੀਤਾ ਜਾ ਸਕੇ।
ਦਿਨ ਚੜਣ ਤੋ ਪਹਿਲਾ ਮੁਸ਼ਕਿਲਾਵਾਂ ਦਾ ਆਉਣਾ ਵੀ ਆਮ ਜਿਹੀ ਗੱਲ ਬਣ ਗਈ ਹੈ-ਸ੍ਰੀਮਤੀ ਬਾਂਸਲ
ਨਗਰ ਕੌਸਲ ਪ੍ਰਧਾਨ ਡਾ ਸੋਨਿਕਾ ਬਾਂਸਲ ਨੇ ਹੱਸਦਿਆਂ ਇਹ ਵੀ ਦੱਸਿਆਂ ਕਿ ਜਿੱਥੇ ਵਿਕਾਸ ਕਾਰਜਾਂ ਲਈ ਵਿਉਤ ਬਣਾਉਣੀ ਪੈਂਦੀ ਹੈ, ਉਥੇ ਨਿੱਤ ਦਿਨ ਚੜਦਿਆਂ ਅਨੇਕਾਂ ਮੁਸ਼ਕਿਲਾਵਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ, ਕਈ ਵਾਰ ਤਾਂ ਜਾਪਦਾ ਹੈ ਕਿ ਵੇਖਣ ਨੂੰ ਕੁਰਸੀ ਸੋਹਣੀ ਲੱਗਦੀ ਹੈ ਪਰ ਹੈ, ਕੰਡਿਆਂ ਭਰੀ, ਰੋਜ ਉੱਠਦੀਆ ਮੁਸ਼ਕਿਲਾਵਾਂ ਨੂੰ ਨਿੱਤ ਹੱਲ ਕਰੀ ਦਾ ਹੈ ਜਦਕਿ ਦੂਜੇ ਦਿਨ ਚੜਣ ਤੋ ਪਹਿਲਾ ਇਹ ਵੀ ਦੂਣ ਸਵਾਈਆ ਹੋਈਆ ਪਈਆ ਹੁੰਦੀਆ ਹਨ, ਪਰ ਪ੍ਰਮਾਤਮਾ ਦੀ ਮੇਹਰ ਸਦਕਾ ਹੱਲ ਕਰਨ ਦੀ ਸ਼ਕਤੀ ਜਾਂ ਸਹਿਣ ਕਰਨ ਲਈ ਬਲ ਵੀ ਚਾਰ ਗੁਣਾ ਆਪਣੇ ਆਪ ਪੈਦਾ ਹੋ ਜਾਂਦਾ ਹੈ।