’ਤੇ ਉਨ੍ਹਾਂ ਮੋਨੀਟਰ ਹੀ ਢਾਹ ਲਿਆ, ਕੁੱਟ ਕੇ ਕੀਤਾ ਮੂੰਹ ਲਾਲ, ਰਗੜਤੇ ਕੰਨ
ਸਰਕਾਰੀ ਸਕੂਲਾਂ ਦਾ ਹਾਲ
ਤਪਾ ਮੰਡੀ 25 ਅਕਤੁਬਰ (ਸੁਭਾਸ਼ ਸਿੰਗਲਾ/ਗੁਰਪ੍ਰੀਤ ਸਿੰਘ) :- ਸਥਾਨਕ ਸ਼ਹਿਰ ਦੀ ਪ੍ਰਮੁੱਖ ਵਿੱਦਿਅਕ ਸੰਸਥਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿਖੇ ਵਿਦਿਆਰਥੀਆਂ ਦੀ ਆਪਸੀ ਲੜਾਈ ਝਗੜੇ ਅਤੇ ਕੁੱਟਮਾਰ ਦਾ ਸਿਲਸਿਲਾ ਰੁਕਣ ਦਾ ਨਾਂਅ ਨਹੀ ਲੈ ਰਿਹਾ ਭਾਵੇਂ ਪ੍ਰਸਾਸਨ ਨੇ ਇਸ ਦੀ ਰੋਕਥਾਮ ਲਈ ਬਥੇਰੇ ਯਤਨ ਕੀਤੇ, ਪਰ ਇਨ੍ਹਾਂ ਸਭ ਦੇ ਬਾਵਜੂਦ ਜਿੱਥੇ ਸਕੂਲ ਦੇ ਬਾਹਰ ਲੜਾਈ ਝਗੜੇ ਵਧੇ, ਉਥੇ ਸਕੂਲ ਦੇ ਅੰਦਰਲੇ ਅਨੁਸ਼ਾਸ਼ਨ ਨੂੰ ਲੈ ਕੇ ਵੀ ਉਗਲਾਂ ਉੱਠਣੀਆ ਸ਼ੁਰੂ ਹੋ ਗਈਆ ਹਨ। ਜਿਸ ਦੇ ਚਲਦਿਆਂ ਛੇਵੀਂ ਜਮ੍ਰਾਤ ਦੇ ਇਕ ਵਿਦਿਆਰਥੀ ਦੇ ਮਾਪਿਆਂ ਨੇ ਮੀਡੀਆ ਦਫਤਰ ਵਿਖੇ ਪੁੱਜ ਕੇ ਆਪਣੇ ਪੁੱਤਰ ਦੀ ਹੋਈ ਕੁੱਟਮਾਰ ਅਤੇ ਸਕੂਲ ਸਟਾਫ ਵੱਲੋ ਕੋਈ ਗੱਲਬਾਤ ਨਾ ਸੁਣਨ ਸਬੰਧੀ ਵੀ ਕਈ ਸਵਾਲ ਖੜੇ ਕੀਤੇ। ਛੇਵੀਂ ਜਮਾਤ ਦੇ ਵਿਦਿਆਰਥੀ ਸ਼ੁਭਕਰਮਨ ਸਿੰਘ ਦੇ ਮਾਪਿਆਂ ਸੀਰਾ ਸਿੰਘ ਅਤੇ ਅਮਨਦੀਪ ਕੌਰ ਨੇ ਆਪਣੇ ਪੁੱਤਰ ਦੇ ਸਾਥੀਆਂ ਵੱਲੋ ਉਨ੍ਹਾਂ ਦੇ ਪੁੱਤਰ ਦਾ ਕੁੱਟ ਕੇ ਲਾਲ ਕੀਤਾ ਮੂੰਹ ਅਤੇ ਰਗੜੇ ਕੰਨ ਵਿਖਾਉਦਿਆਂ ਕਿਹਾ ਕਿ ਤਿੰਨ ਵਾਰ ਇਸ ਦੀ ਬਿਨ੍ਹਾਂ ਵਜ੍ਹਾਂ ਕੁੱਟਮਾਰ ਇਸ ਦੇ ਸਹਿਪਾਠੀਆਂ ਵੱਲੋ ਕੀਤੀ ਗਈ ਹੈ, ਪਰ ਸਕੂੁਲ ਸਟਾਫ ਅਤੇ ਜਮਾਤ ਇੰਚਾਰਜ ਨੇ ਕੋਈ ਐਕਸ਼ਨ ਨਹੀ ਲਿਆ। ਪੀੜਿਤ ਧਿਰ ਨੇ ਅੱਗੇ ਕਿਹਾ ਕਿ ਉਨ੍ਹਾਂ ਦੇ ਪੁੱਤਰ ਨੂੰ ਬਤੌਰ ਮੁਨੀਟਰ ਸਕੂਲ ਇੰਚਾਰਜ ਨੇ ਹੋਰਨਾਂ ਵਿਦਿਆਰਥੀਆਂ ’ਤੇ ਨਿਗ੍ਹਾਂ ਰੱਖਣ ਲਈ ਕਿਹਾ ਸੀ, ਜਦਕਿ ਕੁਝ ਵਿਦਿਆਰਥੀ ਜਮਾਤ ਦਾ ਅਨੁਸ਼ਾਸ਼ਨ ਭੰਗ ਕਰ ਰਹੇ ਸਨ, ਪਰ ਜਦ ਉਨ੍ਹਾਂ ਦੇ ਪੁੱਤਰ ਨੇ ਆਪਣੇ ਸਹਿਪਾਠੀਆਂ ਨੂੰ ਅਜਿਹਾ ਕਰਨ ਤੋ ਰੋਕਣ ਲਈ ਕਿਹਾ ਤਦ ਉਹ ਉਸ ਨੂੰ ਧੂਹ ਕੇ ਲੈ ਗਏ ਅਤੇ ਕੁੱਟਮਾਰ ਕੀਤੀ। ਮਾਪਿਆਂ ਨੇ ਸਕੂਲ ਸਟਾਫ ’ਤੇ ਦੋਸ਼ ਲਗਾਇਆ ਕਿ ਉਨ੍ਹਾਂ ਸਟਾਫ ਨੂੰ ਕੈਮਰੇ ਵਿਖਾਉਣ ਦੀ ਵੀ ਅਪੀਲ ਕੀਤੀ ਤਾਂ ਜੋ ਪਤਾ ਲੱਗ ਸਕੇ ਕਿ ਕਸੂਰ ਕਿਸਦਾ ਹੈ, ਜੇਕਰ ਕਸੂਰ ਉਨ੍ਹਾਂ ਦੇ ਬੱਚੇ ਦਾ ਹੋਵੇ ਤਦ ਉਹ ਹਰ ਗਲਤੀ ਮੰਨਣ ਨੂੰ ਤਿਆਰ ਹਨ ਜਦਕਿ ਸਕੂਲ ਸਟਾਫ ਕੁਝ ਵੀ ਸੁਣਨ ਜਾਂ ਮੰਨਣ ਅਤੇ ਵਿਖਾਉਣ ਨੂੰ ਤਿਆਰ ਨਹੀ। ਪੀੜਿਤ ਧਿਰ ਨੇ ਮੰਗ ਕੀਤੀ ਕਿ ਸਰਕਾਰ ਭਾਵੇਂ ਮੁਫਤ ਵਿੱਦਿਆ ਦੀਆ ਗੱਲਾਂ ਕਰ ਰਹੀ ਹੈ, ਪਰ ਅਨੁਸ਼ਾਸ਼ਨ ਤੋ ਬਗੈਰ ਵਿਦਿਆਰਥੀਆਂ ਦਾ ਭਵਿੱਖ ਉੱਜਵਲ ਨਹੀ ਹੈ। ਸਕੂੁਲ ਸਟਾਫ ਦਾ ਕਹਿਣਾ ਹੈ ਕਿ ਕੁੱਟਮਾਰ ਨਹੀ ਹੋਈ ਬਲਕਿ ਮਾਮੂਲੀ ਝਗੜਾ ਹੋਇਆ ਸੀ। ਜਿਸ ਤੇ ਮਾਪਿਆਂ ਨੂੰ ਆਹਮੋ ਸਾਹਮਣੇ ਕਰਵਾ ਕੇ ਸੰਤੁਸ਼ਟੀ ਕਰਵਾ ਦਿੱਤੀ ਸੀ।