ਗੰਦਗੀ, ਤੋ ਕਿਸਨੇ ਕੀ ਖੱਟਿਆ, ਕੀ ਗੁਆਇਆ, ਪਰ ਸਾਨੂੰ ਸੋਦਾ ਵੇਚਣਾ ਨਾ ਆਇਆ
7ਡੇਅ ਨਿੳੂਜ ਸਰਵਿਸ, ਭਲਕੇ ਸਿਹਤ ਵਿਚ ਥੋੜੀ ਖਰਾਬੀ ਹੋਣ ਕਾਰਨ ਰਾਤ ਨੂੰ ਨੀਂਦ ਨਹੀ ਆ ਰਹੀ ਸੀ, ਭਾਵੇਂ ਹੁਣ ਬਿਲਕੁਲ ਠੀਕ ਠਾਕ ਹੈ, ਸਿਆਣੇ ਕਹਿੰਦੇ ਹੁੰਦੇ ਨੇ, ਕਿ ਨੀਂਦ ਉਹ ਬਲਾ ਹੈ, ਜੇ ਆ ਜਾਵੈ ਤਾਂ ਸਭ ਕੁਝ ਭੁਲਾ ਦਿੰਦੀ ਐ ਅਤੇ ਜੇ ਨਾ ਆਵੈ ਤਾਂ ਪਤਾ ਨ੍ਹੀ ਕੀ ਕੁਝ ਚੇਤੇ ਵਿਚ ਲਿਆ ਦਿੰਦੀ ਐ। ਅਜਿਹਾ ਹੀ ਮੇਰੇ ਨਾਲ ਵੀ ਵਾਪਰਿਆ, ਚੇਤਿਆਂ ਦੀਆ ਘੁੰਮਣ ਘੇਰੀਆ ਵਿਚ ’ ਧੀ ‘ ਯਾਦ ਆ ਗਈ, ਜਿਹੜੀ ਮੈਡੀਕਲ ਦੀ ਪੜਾਈ ਕਰਦੀ ਹੈ, ਦੀਵਾਲੀ ਦੇ ਦਿਨਾਂ ਵਿਚ ਘਰ ਹੋਣ ’ਤੇ ਥੋੜਾ ਉਸ ਨੂੰ ਲੈ ਕੇ ਬੇਫਿਕਰੇ ਹੋ ਜਾਣੇ ਆ, ਨਹੀ ਤਾਂ ਅਕਸਰ ਹੀ ਉਹ ਦਿਮਾਗ ਵਿਚ ਘੰਟੀ ਦੀ ਤਰ੍ਹਾਂ ਖੜਕਦੀ ਰਹਿੰਦੀ ਐ, ਡਾਕਟਰੀ ਲਾਇਨ ਦੀ ਪੜਾਈ ਕਰਨ ਕਾਰਨ ਮੈਂ ਉਸ ਨੂੰ ਅਕਸਰ ਹੀ ਕਹਿੰਦਾ ਹੁਣਾਂ ਕਿ ਡਾਕਟਰ ਕਮਾਈ ਬੁਹਤ ਕਰਦੇ ਨੇ, ਕਿਉਕਿ ਬੱਸਾਂ ਵਿਚ ਅਕਸਰ ਲਿਖਿਆ ਹੁੰਦਾ ਸੀ ਕਿ ’ ਐਸ਼ ਕਰਨ ਲਈ ਮਾਸਟਰੀ, ਪੈਸੇ ਕਮਾਉਣ ਲਈ ਡਾਕਟਰੀ ਅਤੇ ਲੜਣ ਭਿੜਣ ਲਈ ਡਰਾਇਵਰੀ ਅਤੇ ਕਡੰਕਟਰੀ ’ ਬੇਸ਼ੱਕ ਮੇਰੀ ਧੀ ਦੇ ਉਕਤ ਕਿੱਤੇ ਦੀ ਡਿਗਰੀ ਪੁੂਰੀ ਕਰਨ ਵਿਚ ਸਮਾਂ ਪਿਆ ਹੈ, ਸਰਕਾਰੀ ਸੀਟ ਮਿਲਣ ਕਾਰਨ ਉਥੇ ਡਾਕਟਰੀ ਨੂੰ ਸੇਵਾ ਦਾ ਦਰਜਾ ਹੀ ਦਿੱਤਾ ਜਾਂਦਾ ਹੈ, ਪੈਸਿਆਂ, ਕਮਾਈ ਵਰਗੀਆ ਸੰਸਾਰੀ ਲੋਭ ਦੀਆ ਗੱਲਾਂ ਉਨ੍ਹਾਂ ਤੋ ਕਾਫੀ ਦੂਰ ਹਨ, ਅਜੇ ਤਾਂ ਉਨ੍ਹਾਂ ਨੂੰ ਮਰੀਜ ਦੀ ਸਿਹਤ ਖਾਣ ਪੀਣ ਅਤੇ ਟੱਟੀ ਪਿਸ਼ਾਬ ਬਾਰੇ ਹੀ ਦੱਸਿਆਂ ਜਾਂਦਾ ਹੈ ਅਤੇ ਅਜਿਹਾ ਹੀ ਸਮਝਾਇਆ ਜਾਂਦਾ ਹੈ ਕਿ ਉਕਤ ਕਿੱਤਾ ਲੋਕ ਸੇਵਾ ਲਈ ਆਪਾ ਖੁਦ ਚੁਣਿਆ ਹੈ। ਜਿਸ ਵਿਚ ਹੱਥਾਂ ਨੂੰ ਡਾਕਟਰੀ ’ ਔਜਾਰ ‘ ਵਾਂਗ ਵਰਤਣਾ ਹੈ, ਲੋੜਵੰਦ ਮਰੀਜ ਦੀ ਮੱਦਦ ਕਰੋ, ਜੋ ਸਮਾਜ ਅੰਦਰਲਾ ਚੰਗਾ ਸੁਨੇਹਾ ਹੁੰਦਾ ਹੈ। ਪਰ ਮੇਰੇ ਵੱਲੋ ਅਤੇ ਬਾਕੀ ਟੱਬਰ ਵੱਲੋ ਕਈ ਵਾਰ ਇਹ ਸਵਾਲ ਉਸ ਨੂੰ ਕੀਤਾ ਜਾਂਦਾ ਹੈ ਕਿ ਉਕਤ ਕਿੱਤੇ ਵਾਲੇ ਧਨ ਮਾਇਆ ਬਹੁਤ ਇੱਕਠੀ ਹੁੰਦੀ ਹੈ ਤਦ ਉਸ ਦਾ ਰੱਟਿਆ, ਰਟਾਇਆ ਜਵਾਬ ਹੋਣਾ ਕਿ ਪਾਪਾ, ਸਾਡੇ ਕਿੱਤੇ ਵਾਲੇ ਇਹ ਕਹਿੰਦੇ ਹਨ ਕਿ ਡਾਕਟਰੀ ਲਾਇਨ ਵਿਚ ਗੰਦਗੀ ਵਿਚ ਹੱਥ ਮਾਰਨੇ ਪੈਂਦੇ ਹਨ, ਜਿਸ ਕਾਰਨ ਡਾਕਟਰੀ ਕਿੱਤੇ ਵਿਚ ਕਮਾਈ ਵਧ ਹੁੰਦੀ ਹੈ ਕਿਉਕਿ ਮਰੀਜ ਦੇ ਡਾਕਟਰ ਕੋਲ ਬੈਠਣ ਸਾਰ ਹੀ ਥੁੱਕ, ਪੇਸ਼ਾਬ, ਟੱਟੀ, ਉੱਲਟੀ, ਮਹਾਂਵਾਰੀ ਸਣੇ ਦੁੱਖ ਦਰਦ, ਤਕਲੀਫਾਂ, ਹਾਏ ਬੂੁਅ ਵਰਗੀਆ ਦਿਨ ਰਾਤ ਗੱਲਾਂ ਚਲਦੀਆ ਰਹਿੰਦੀਆ ਹਨ, ਡਾਕਟਰ ਦਾ ਆਪਣਾ ਕੋਈ ਖਾਣ ਪੀਣ ਜਾਂ ਕਿਸੇ ਜਗ੍ਹਾਂ ’ਤੇ ਜਾਣ ਦਾ ਸਮਾਂ ਤੈਅ ਨਹੀ ਹੁੰਦਾ, ਜਿਆਦਾਤਰ ਵਾਰ ਤਾਂ ਵਿਆਹ, ਸਾਹੇ, ਖੁਸ਼ੀ-ਗਮੀ, ਸਫਰ ਆਦਿ ਵਿਚ ਗਏ ਨੂੰ ਵੀ ਮਰੀਜ ਵੇਖਣੇ ਪੈਂਦੇ ਹਨ। ਉਸ ਦਾ ਦੂੁਜਾ ਤਰਕ ਇਹ ਹੁੰਦਾ ਹੈ ਕਿ ਇਕ ਡਾਕਟਰ ਬਣਾਉਣ ਲਈ ਆਮ (ਥੋੜੇ ਚੰਗੇ ਬੰਦੇ) ਦੀ ਵੀ ਵਸ ਹੋ ਜਾਂਦੀ ਹੈ, ਜਦਕਿ ਬੱਚੇ ਦੀ ਪਹਿਲਾ ਵਸ ਪੜ੍ਹ ਕੇ ਹੋਈ ਹੁੰਦੀ ਹੈ, ਕਿਉਕਿ ਅੱਜ ਵੀ ਇਕ ਐਮ.ਬੀ.ਬੀ.ਐਸ ਡਾਕਟਰ ਬਣਾਉਣ ਲਈ ਜੇਕਰ ਮਾਪਿਆਂ ਨੂੰ ਆਪਣੇ ਬੱਚੇ ਲਈ ਨਿੱਜੀ ਕਾਲਜ ਵਿਚ ਸੀਟ ਲੈਣੀ ਪੈ ਜਾਵੇ ਤਾਂ ਕਰੋੜ ਰੁਪੈ ਦੇ ਇਰਦ ਗਿਰਦ ਲੱਗ ਜਾਂਦਾ ਹੈ। ਜਿਸ ਕਾਰਨ ਬੱਚੇ ਦੇ ਮਨ ਅੰਦਰ ਵੀ ਇਸ ਕਿੱਤੇ ਤੋ ਕਮਾਈ ਕਰਨ ਦਾ ਰੁਝਾਣ ਪੈਦਾ ਹੁੰਦਾ ਹੈ, ਪਰ ਵਾਹਿਗੁਰੂ ਦਾ ਸ਼ੁਕਰਾਨਾ, ਰਹੀ ਗੱਲ ਜਿਹਾ ਜਿਹਾ ਕਿੱਤਾ, ਉਹੋ ਜਿਹੇ ਸਵਾਲ, ਜਿਸ ਕਾਰਨ ਉਕਤ ਕਿੱਤੇ ਨੂੰ ਭਾਵੇਂ ਆਮ ਲੋਕ ਬੁਹਤ ਪਸੰਦ ਕਰਦੇ ਹਨ ਪਰ ਡਾਕਟਰੀ ਲਾਇਨ ਵਾਲਿਆਂ ਲਈ ਇਹ ਕਿੱਤਾ ਬੜਾ ਬੋਰ ਅਤੇ ਥਕਾੳੂ ਕਿਸਮ ਦਾ ਕਿੱਤਾ ਹੈ। ਜਿਸ ਦਾ ਮੈਂ ਖੁਦ ਵੀ ਗਵਾਹ ਹਾਂ ਕਿ ਦੇਸ਼ ਦੇ ਸਭ ਤੋ ਵੱਡੇ ਸਰਕਾਰੀ ਹਸਪਤਾਲ ਏਮਜ ਦਿੱਲੀ ਦਾ ਇਕ ਹੈਂਡ ਆਫ ਦੀ ਡਿਪਾਰਟਮੈਂਟ ਮੈਂ ਆਪਣੇ ਕੰਨੀ ਇਹ ਕਹਿੰਦਾ ਸੁਣਿਆ ਕਿ ਆਹ ਡਿਗਰੀ ਕਰ ਲੈਣ ਤੋ ਬਾਅਦ ਡਾਕਟਰੀ ਪੇਸ਼ੇ ਦੀ ਥਾਂ ਕਿਸੇ ਹੋਰ ਸਟਰੀਮ ਵਿਚ ਟੈਸਟ ਦੇ ਦੇਣਾ, ਹੁਣ ਡਾਕਟਰੀ ਲਾਇਨ ਵਿਚ ਕੁਝ ਨ੍ਹੀ ਰੱਖਿਆ ਹੋਇਆ। ਧੀ ਰਾਣੀ ਅਕਸਰ ਹੀ ਕਹਿੰਦੀ ਹੁੰਦੀ ਹੈ ਕਿ ਕਿੱਤੇ ਵਿਚ ਡਾਕਟਰਾਂ ਅਨੁਸਾਰ ਜਿੰਨ੍ਹੀ ਗੰਦਗੀ ਹੈ ਤਾਂ ਉਨ੍ਹੀ ਹੀ ਕਮਾਈ ਕੀਤੀ ਜਾ ਸਕਦੀ ਹੈ।
ਪਰ ਨਾਲ ਹੀ ਮੇਰੇ ਚੇਤਿਆਂ ਵਿਚ ਵੀ ਚਾਲੀ ਵਰ੍ਹੇਂ ਪਹਿਲਾ ਦੀ ਉਹ ਤਸਵੀਰ ਵੀ ਘੁੰਮ ਗਈ ਕਿ ਜਿੱਥੇ ਡਾਕਟਰ ਤਾਂ ਸਿਰਫ ਗੰਦਗੀ ਦੀਆ ਗੱਲਾਂ ਨੂੰ ਗੰਦਗੀ ਕਰਾਰ ਦੇ ਰਹੇ ਹਨ, ਉਹ ਲੋਕ ਕੀ ਕਰਨ ਜਿਹੜੇ ਚਾਲੀ ਵਰ੍ਹੇਂ ਪਹਿਲਾ ਤੱਕ ਸਿਰਾਂ ’ਤੇ ਗੰਦਗੀ ਢੋਅਦੇ ਰਹੇ ਹਨ। 50 ਕੁ ਵਰ੍ਹਿਆਂ ਵਾਲੇ ਕਿਸੇ ਵੀ ਛੋਟੇ ਵੱਡੇ ਸ਼ਹਿਰ ਰਹਿਣ ਵਾਲੇ ਵਿਆਕਤੀ ਨੂੰ ਪਤਾ ਹੈ ਕਿ ਘਰਾਂ ਵਿਚ ਛੱਤਾਂ ਉੱਤੇ ਪਖਾਨੇ ਬਣੇ ਹੋਏ ਸਨ, ਜਿੱਥੇ ਸਾਰਾ ਟੱਬਰ ਪਖਾਨੇ ਜਾ ਕੇ ਆਉਦਾ ਸੀ ਅਤੇ ਜਮਾਂਦਾਰ ਉਥੋ ਪੀਪੇ ਵਿਚ ਸਿਰ ’ਤੇ ਉਕਤ ਗੰਦਗੀ ਨੂੰ ਓੁੱਕ ਕੇ ਲਿਜਾਂਦੇ ਸਨ ਜਦਕਿ ਉਕਤ ਪਖਾਨਿਆਂ ਨੂੰ ਧੋਣਾ ਅਤੇ ਸਾਫ ਕਰਨਾ ਵੀ ਉਨ੍ਹਾਂ ਦੀ ਜੁੰਮੇਵਾਰੀ ਸੀ, ਪਰ ਸ਼ਾਇਦ ਪੀ.ਵੀ.ਨਰਸਿਮਾਂ ਰਾਓ ਦੀ ਸਰਕਾਰ ਦੇ ਸਮੇਂ ਇਸ ਵਿਚ ਤਬਦੀਲੀ ਆਈ ਅਤੇ ਦੇਸ਼ ਦੇ ਕਈ ਹਿੱਸਿਆਂ ਵਿਚ ਸਿਰਾਂ ’ਤੇ ਮੈਲਾ ਢੋਣ ਨੂੰ ਮਨੁੱਖ ਲਈ ਸ਼ਰਮਨਾਕ ਕਰਾਰ ਦਿੱਤਾ ਜਾਣਾ ਲੱਗਾ ਅਤੇ ਹੋਲੀ ਹੋਲੀ ਕਰੀਬ 1995 ਵਿਚ ਸਰਕਾਰ ਵੱਲੋ ਲੋੜਵੰਦ ਲੋਕਾਂ ਨੂੰ ਪਖਾਨੇ ਬਣਾਉਣ ਲਈ ਹਜਾਰ-2 ਕੁ ਹਜਾਰ ਰੁਪੈ ਜਾਰੀ ਕੀਤੇ ਜਾਣ ਲੱਗੇ ਅਤੇ ਬਾਅਦ ਵਿਚ ਲੋਕ ਵੀ ਸਿਆਣੇ ਅਤੇ ਸਮਝਦਾਰ ਹੋਣ ਲੱਗੇ ਅਤੇ ਇਸ ਵਰਤਾਰੇ ਤੋ ਪੂਰੇ ਦੇਸ਼ ਅੰਦਰ ਪੱਕੇ ਤੌਰ ’ਤੇ ਖਹਿੜਾ ਛੁੱਟਿਆ, ਪਰ ਸਮੇਂ ਨੇ ਫਿਰ ਕਰਵਟ ਲਈ ਹੋਈ ਹੈ, ਅੱਜ ਇਹ ਹਾਲ ਸੀਵਰੇਜ ਵਿਭਾਗ ਅੰਦਰ ਵਿਖਾਈ ਦੇਣ ਲੱਗ ਗਿਆ ਹੈ। ਸੀਵਰੇਜ ਦੇ ਬੰਦ ਹੋਣ ’ਤੇ ਵੱਡੀਆ ਵੱਡੀਆ ਪਾਇਪਾਂ, ਨਾਲਿਆਂ, ਗਟਰਾਂ ਵਿਚ ਵੀ ਇਨਸਾਨ ਹੀ ਉਤਰਦੇ ਹਨ, ਬੇਸ਼ੱਕ ਕੁਝ ਅਧੁਨਿਕ ਮਸ਼ੀਨਾਂ ਨੇ ਇਨਸਾਨ ਨੂੰ ਰਾਹਤ ਦਿੱਤੀ ਹੈ, ਉਧਰ ਕੂੜੇ ਦੇ ਵੱਡੇ ਵੱਡੇ ਡੰਪ ਅਤੇ ਘਰਾਂ ਵਿਚੋ ਕੂੜਾ ਇੱਕਠਾ ਕਰਨ ਵਾਲੇ ਨਗਰ ਨਿਗਮਾਂ, ਕੌਸਲਾਂ, ਪੰਚਾਇਤਾਂ ਆਦਿ ਅਧੀਨ ਕੰਮ ਕਰਨ ਵਾਲੇ ਸਫਾਈ ਕਰਮੀ ਗੰਦਗੀ ਦੇ ਢੇਰ ਘਰਾਂ ਵਿਚ ਚੰਦ ਪੈਸਿਆਂ ਦੀ ਮਹੀਨਾਵਾਰ ਰਾਸ਼ੀ ’ਤੇ ਲਿਆਉਦੇ ਹਨ, ਇਹ ਲੋਕਾਂ ਦਾ ਤਾਂ ਗੰਦਗੀ ਨਾਲ ਸਿੱਧੇ ਤੌਰ ’ਤੇ ਵਾਹ ਵਾਸਤਾ ਹੈ, ਪਰ ਇਨ੍ਹਾਂ ਦੀਆ ਤਨਖਾਹਾਂ ਭੱਤੇ ਸ਼ਾਇਦ ਐਨੇ ਘੱਟ ਹਨ ਕਿ ਦੱਸਦਿਆਂ ਜਾਂ ਸੁਣਦਿਆਂ ਨੂੰ ਵੀ ਸ਼ਰਮ ਆਉਦੀ ਹੈ, ਕਿਉ ਇਨ੍ਹਾਂ ਵਾਲੀ ਗੰਦਗੀ ਵਿਚ ਕੋਈ ਫਰਕ ਹੈੇ। ਪਰ ਸ਼ਾਇਦ ਸਫਾਈ ਕਰਮੀ ਆਪਣੇ ਕਿੱਤੇ ਨੂੰ ਸਹੀ ਦਿਸ਼ਾਂ ਦੇਣ ਤੋ ਖੁੰਝ ਗਏ। ਜਿਸ ਕਾਰਨ ਉਕਤ ਕਿੱਤੇ ਨੂੰ ਲਾਹੇਵੰਦ ਨਾ ਬਣਾਇਆ ਜਾ ਸਕਿਆ। ਉੱਲਟਾ ਸੀਵਰੇਜਮੈਨ ਇਸ ਗੰਦਗੀ ਤੋ ਖੁਦ ਅਤੇ ਆਪਣੇ ਪਰਿਵਾਰ ਲਈ ਅਨੇਕਾਂ ਬਿਮਾਰੀਆ ਸਹੇੜ ਕੇ ਘਰਾਂ ਨੂੰ ਲੈ ਕੇ ਜਾਂਦੇ ਹਨ। ਜਿਸ ਨਾਲ ਉਹ ਸਾਰੀ ਉਮਰ ਜੂਝਦੇ ਹਨ। ਪਰ ਲੋੜ ਹੈ ਸਰਕਾਰਾਂ ਨੂੰ ਇਨ੍ਹਾਂ ਵੱਲ ਧਿਆਨ ਦੇਣ ਦੀ ਤਦ ਹੀ ਸਰਕਾਰਾਂ ਦੀ ਸਵੱਛ ਭਾਰਤ ਵਰਗੇ ਮਿਸ਼ਨ ਸਫਲ ਹੋ ਸਕਣਗੇ।