ਬਰਨਾਲਾ ਲਈ ਵੱਡਾ ਵਰਦਾਨ: ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਵਲੋਂ ਮੈਡੀਕਲ ਕਾਲਜ\ਹਸਪਤਾਲ ਲਈ 15 ਏਕੜ ਜ਼ਮੀਨ ਦਾਨ ਕਰਨ ਦਾ ਇਤਿਹਾਸਕ ਐਲਾਨ
---ਸਿਹਤ ਸਹੂਲਤਾਂ ਤੋਂ ਪਛੜੇ ਬਰਨਾਲਾ ਸਣੇ ਪੰਜ ਜ਼ਿਲ੍ਹਿਆਂ ਨੂੰ ਹੋਵੇਗਾ ਲਾਭ: ਪ੍ਰਧਾਨ ਵਿਰਕ
7ਡੇਅ ਨਿੳੂਜ ਸਰਵਿਸ, ਲੁਭਾਸ਼ ਸਿੰਗਲਾ,
ਬਰਨਾਲਾ-ਲੁਧਿਆਣਾ ਕੌਮੀ ਮਾਰਗ `ਤੇ ਸਥਿਤ ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਦੀ ਪ੍ਰਬੰਧਕੀ ਕਮੇਟੀ ਨੇ ਇਲਾਕੇ ਦੀ ਸਭ ਤੋਂ ਵੱਡੀ ਲੋੜ ਸਿਹਤ ਸਹੂਲਤਾਂ ਦੀ ਕਮੀ ਨੂੰ ਪੂਰਾ ਕਰਨ ਲਈ ਇਕ ਦੂਰਅੰਦੇਸ਼ੀ ਤੇ ਸਮਾਜ ਭਲਾਈ ਵਾਲਾ ਫੈਸਲਾ ਲਿਆ ਹੈ। ਪ੍ਰਬੰਧਕਾਂ ਨੇ ਐਲਾਨ ਕੀਤਾ ਹੈ ਕਿ ਉਹ ਇਥੇ ਇਕ ਅਤਿ-ਆਧੁਨਿਕ ਮੈਡੀਕਲ ਕਾਲਜ ਜਾਂ ਮਲਟੀਸਪੈਸ਼ਲਿਟੀ ਹਸਪਤਾਲ ਦੀ ਸਥਾਪਨਾ ਲਈ ਕਾਲਜ ਦੀ 15 ਏਕੜ ਕੀਮਤੀ ਜ਼ਮੀਨ ਦਾਨ ਦੇਣਗੇ। ਕਮੇਟੀ ਦੇ ਪ੍ਰਧਾਨ ਭੋਲਾ ਸਿੰਘ ਵਿਰਕ ਨੇ ਪ੍ਰਬੰਧਕਾਂ ਸਣੇ ਇਸ ਐਲਾਨ ਬਾਰੇ ਦੱਸਿਆ ਕਿ ਬਰਨਾਲਾ ਤੇ ਇਸ ਦੇ ਆਸਪਾਸ ਦਾ ਇਲਾਕਾ ਚੰਗੀਆਂ ਸਿਹਤ ਸਹੂਲਤਾਂ ਦੇ ਮਾਮਲੇ ਵਿਚ ਬਹੁਤ ਪੱਛੜਿਆ ਹੋਇਆ ਹੈ। ਲੋਕਾਂ ਨੂੰ ਗੰਭੀਰ ਬਿਮਾਰੀਆਂ ਦੇ ਇਲਾਜ ਲਈ ਲੁਧਿਆਣਾ, ਪਟਿਆਲਾ ਜਾਂ ਚੰਡੀਗੜ੍ਹ ਵਰਗੇ ਦੂਰ ਦੁਰਾਡੇ ਸ਼ਹਿਰਾਂ ਵੱਲ ਰੁਖ ਕਰਨਾ ਪੈਂਦਾ ਹੈ, ਜੋ ਸਮੇਂ ਤੇ ਪੈਸੇ ਦੋਵਾਂ ਪੱਖੋਂ ਮਹਿੰਗਾ ਸਾਬਤ ਹੁੰਦਾ ਹੈ। ਪ੍ਰਧਾਨ ਵਿਰਕ ਨੇ ਕਿਹਾ ਸਮੇਂ ਦੀਆਂ ਜ਼ਰੂਰਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਤੇ ਸਮੁੱਚੀ ਪ੍ਰਬੰਧਕ ਕਮੇਟੀ ਟਰੱਸਟ ਦੀ ਇੱਛਾ ਅਨੁਸਾਰ ਇਹ ਮਹਿਸੂਸ ਕੀਤਾ ਹੈ ਕਿ ਇਸ ਇਲਾਕੇ ਵਿਚ ਇਕ ਉਚ-ਗੁਣਵੱਤਾ ਵਾਲਾ ਮੈਡੀਕਲ ਕਾਲਜ ਜਾਂ ਹਸਪਤਾਲ ਬਣਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਗੁਰੂ ਗੋਬਿੰਦ ਸਿੰਘ ਟਰੱਸਟ ਸੰਘੇੜਾ ਨੇ ਇਸ ਨੇਕ ਮਕਸਦ ਲਈ ਕਾਲਜ ਦੀ 48 ਏਕੜ ਜ਼ਮੀਨ ਵਿਚੋਂ 15 ਏਕੜ ਜ਼ਮੀਨ ਦਾਨ ਕਰਨ ਦਾ ਫੈਸਲਾ ਲਿਆ ਹੈ। ਪ੍ਰਧਾਨ ਵਿਰਕ ਨੇ ਦੱਸਿਆ ਕਿ ਟਰੱਸਟ ਨੇ ਦੇਸ਼ ਦੀਆਂ ਸਿੱਖਿਆ ਸੰਸਥਾਵਾਂ ਜਾਂ ਵੱਡੀਆਂ ਚੈਰੀਟੇਬਲ ਸੰਸਥਾਵਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਅੱਗੇ ਆਉਣ ਤੇ ਇਸ ਜ਼ਮੀਨ `ਤੇ ਇਕ ਆਧੁਨਿਕ ਹਸਪਤਾਲ ਜਾਂ ਮੈਡੀਕਲ ਕਾਲਜ ਦਾ ਨਿਰਮਾਣ ਕਰਨ।
---25 ਏਕੜ ਤੱਕ ਦਿੱਤੀ ਜਾ ਸਕਦੀ ਹੈ ਜ਼ਮੀਨ
ਦਾਨ ਕੀਤੀ ਜਾਣ ਵਾਲੀ ਜ਼ਮੀਨ ਬਰਨਾਲਾ-ਲੁਧਿਆਣਾ ਹਾਈਵੇਅ ਨਾਲ ਲੱਗਦੀ ਹੈ। ਜਿਸ ਕਾਰਨ ਇਸਦੀ ਪਹੁੰਚ ਬਹੁਤ ਆਸਾਨ ਹੈ। ਪ੍ਰਧਾਨ ਵਿਰਕ ਨੇ ਇਹ ਵੀ ਸਪੱਸ਼ਟ ਕੀਤਾ ਕਿ ਜੇਕਰ ਕਿਸੇ ਵੱਡੇ ਪ੍ਰਾਜੈਕਟ ਲਈ 15 ਏਕੜ ਤੋਂ ਵੱਧ ਜ਼ਮੀਨ ਦੀ ਲੋੜ ਪੈਂਦੀ ਹੈ ਤਾਂ ਟਰੱਸਟ 25 ਏਕੜ ਜ਼ਮੀਨ ਤੱਕ ਦੇਣ ਲਈ ਵੀ ਤਿਆਰ ਹੈ। ਉਨ੍ਹਾਂ ਕਿਹਾ ਕਿ ਇਸ ਮੈਡੀਕਲ ਸੰਸਥਾ ਦੀ ਸਥਾਪਨਾ ਨਾਲ ਨਾ ਸਿਰਫ਼ ਬਰਨਾਲਾ ਦੇ ਲੋਕਾਂ ਨੂੰ ਸਗੋਂ ਇਲਾਕੇ ਦੇ ਪੰਜ ਜ਼ਿਲ੍ਹਿਆਂ ਸਣੇ ਰਾਜਸਥਾਨ ਦੇ ਗੰਗਾਨਗਰ ਤੱਕ ਦੇ ਲੋਕਾਂ ਨੂੰ ਉਚ ਪੱਧਰੀ ਸਿਹਤ ਸਹੂਲਤਾਂ ਦਾ ਲਾਭ ਮਿਲੇਗਾ।
---ਸਥਾਨਕ ਲੋਕਾਂ ਨੂੰ ਤਰਜੀਹ ਤੇ ਕਿਫਾਇਤੀ ਇਲਾਜ:
ਹਸਪਤਾਲ ਬਣਾਉਣ ਵਾਲੀ ਕੋਈ ਵੀ ਸੰਸਥਾ ਸੰਘੇੜਾ ਪਿੰਡ ਦੇ ਵਸਨੀਕਾਂ ਨੂੰ ਸਿਹਤ ਸਹੂਲਤਾਂ ਤੇ ਮੁਫਤ ਇਲਾਜ ਸਣੇ ਵਿਸ਼ੇਸ਼ ਤਰਜੀਹ ਦੇਵੇਗੀ। ਜੇਕਰ ਇਥੇ ਇਕ ਵੱਡਾ ਮਲਟੀਸਪੈਸ਼ਲਿਟੀ ਹਸਪਤਾਲ ਬਣਦਾ ਹੈ ਤਾਂ ਇਲਾਕੇ ਦੇ ਗਰੀਬ ਤੇ ਆਮ ਲੋਕਾਂ ਨੂੰ ਮੁਫਤ ਜਾਂ ਬਹੁਤ ਹੀ ਕਿਫਾਇਤੀ ਦਰਾਂ `ਤੇ ਉਚ ਗੁਣਵਤਾ ਇਲਾਜ ਮੁਹੱਈਆ ਕਰਵਾਇਆ ਜਾਣਾ ਚਾਹੀਦਾ ਹੈ।
---ਟਰੱਸਟ ਦੀ ਵਿਰਾਸਤ: ਸਿੱਖਿਆ ਤੇ ਸੇਵਾ
ਪ੍ਰਧਾਨ ਵਿਰਕ ਨੇ ਟਰੱਸਟ ਦੀ ਸਥਾਪਨਾ ਦੀ ਗੱਲ ਕਰਦਿਆਂ ਦੱਸਿਆ ਕਿ ਜਦੋਂ ਗੁਰਦੀਪ ਸਿੰਘ ਸੂਬੇਦਾਰ ਪਿੰਡ ਦੇ ਸਰਪੰਚ ਬਣੇ ਸਨ ਤਾਂ ਉਨ੍ਹਾਂ ਨੇ ਇਕ ਟਰੱਸਟ ਬਣਾ ਕੇ ਸਾਰੀ ਜ਼ਮੀਨ ਗੁਰੂ ਗੋਬਿੰਦ ਸਿੰਘ ਟਰੱਸਟ ਸੰਘੇੜਾ ਨੂੰ ਤਬਦੀਲ ਕਰ ਦਿੱਤੀ ਸੀ। ਟਰੱਸਟ ਦਾ ਮੁੱਖ ਸੰਕਲਪ ਸਿੱਖਿਆ ਤੇ ਡਾਕਟਰੀ ਸਹੂਲਤਾਂ ਨੂੰ ਉਤਸ਼ਾਹਿਤ ਕਰਨਾ ਸੀ। ਇਸੇ ਸੰਕਲਪ ਤਹਿਤ ਪੰਜਾਬੀ ਯੂਨੀਵਰਸਿਟੀ ਪਟਿਆਲਾ ਨਾਲ ਸੰਬੰਧਿਤ ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਦੀ ਸਥਾਪਨਾ ਕੀਤੀ ਗਈ। ਇਹ ਕਾਲਜ ਅੱਜ ਬਰਨਾਲਾ ਜ਼ਿਲ੍ਹੇ ਦੇ ਮੋਹਰੀ ਕਾਲਜਾਂ ਵਿਚੋਂ ਇਕ ਹੈ ਤੇ ਪਿਛਲੇ 26 ਸਾਲਾਂ ਤੋਂ ਭੋਲਾ ਸਿੰਘ ਵਿਰਕ ਇਸਦੇ ਪ੍ਰਧਾਨ ਵਜੋਂ ਸੇਵਾਵਾਂ ਨਿਭਾ ਰਹੇ ਹਨ। ਟਰੱਸਟ ਹੁਣ ਸਿੱਖਿਆ ਦੇ ਨਾਲ-ਨਾਲ ਸਿਹਤ ਸੇਵਾਵਾਂ ਦੇ ਖੇਤਰ ਵਿਚ ਵੀ ਆਪਣੀ ਵਿਰਾਸਤ ਨੂੰ ਅੱਗੇ ਵਧਾਉਣਾ ਚਾਹੁੰਦਾ ਹੈ।