ਕਾਲੇ ਦੌਰ ਦੀ ਇੱਕ ਯਾਦ: ਵੀਡੀਓ ਕੈਸਟਾਂ, ਵੰਗਾਰ ਅਤੇ ਇਨਸਾਨੀਅਤ ਦਾ ਦਰਦ
7ਡੇਅ ਨਿਊਜ ਸਰਵਿਸ, ਗੱਲ ਉਹਨਾਂ ਦਿਨਾਂ ਦੀ ਹੈ ਜਦੋਂ ਪੰਜਾਬ ਆਪਣੀ ਜ਼ਿੰਦਗੀ ਦੇ ਸਭ ਤੋਂ ਔਖੇ ਅਤੇ ਦਰਦਨਾਕ ਦੌਰ ਵਿੱਚੋਂ ਲੰਘ ਰਿਹਾ ਸੀ। ਹਰ ਪਾਸੇ ਬੇਚੈਨੀ, ਡਰ ਅਤੇ ਅਨਿਸ਼ਚਿਤਤਾ ਦਾ ਮਾਹੌਲ ਸੀ। ਮੈ. (ਲੁਭਾਸ਼ ਸਿੰਗਲਾ) ਉਸ ਵੇਲੇ ਕਰੀਬ ਉੱਨੀ-ਵੀਹ ਸਾਲਾਂ ਦਾ ਨੌਜਵਾਨ ਸੀ। ਦਾੜ੍ਹੀ-ਮੁੱਛ ਫੁੱਟਣੀ ਸ਼ੁਰੂ ਹੀ ਹੋਈ ਸੀ ਅਤੇ ਜ਼ਿੰਦਗੀ ਆਪਣੇ ਸੁਪਨਿਆਂ ਨਾਲ ਅੱਗੇ ਵਧ ਰਹੀ ਸੀ। ਮੇਰਾ ਵੱਡਾ ਭਰਾ ਤਪਾ ਵਿਖੇ "ਸੁਭਾਸ਼ ਵੀਡੀਓ ਸੈਂਟਰ" ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਉਸ ਸਮੇਂ ਵੀਸੀਆਰ (VCR) ਅਤੇ ਵੀਡੀਓ ਕੈਸਟਾਂ ਹੀ ਮਨੋਰੰਜਨ ਦਾ ਸਭ ਤੋਂ ਵੱਡਾ ਸਾਧਨ ਸਨ। ਅਸੀਂ ਲੋਕਾਂ ਨੂੰ ਵੀਸੀਆਰ ਅਤੇ ਵੀਡੀਓ ਕੈਸਟਾਂ ਕਿਰਾਏ 'ਤੇ ਦਿੰਦੇ ਸਾਂ। ਮੇਰੀ ਦੁਕਾਨ ਦੇ ਨਾਲ ਹੀ ਸੁਨੀਲ ਗੋਇਲ ਮਾਰਵਾੜੀ (ਬਾਗੜੀਆ) ਦੀ ਵੀ ਦੁਕਾਨ ਸੀ, ਜੋ ਅੱਜਕੱਲ੍ਹ ਅਮਰੀਕਾ ਵਿੱਚ ਸਥਾਈ ਤੌਰ 'ਤੇ ਵੱਸਦਾ ਹੈ। ਉਹ ਵੀ ਉਸ ਵੇਲੇ ਵੀ ਸੀ ਆਰ ਕਿਰਾਏ ਤੇ ਦੇਣ ਦਾ ਹੀ ਕਾਰੋਬਾਰ ਕਰਦਾ ਸੀ। ਉਹ ਦਿਨਾਂ ਵਿੱਚ ਪੰਜਾਬ ਦਾ ਮਾਹੌਲ ਇੰਨਾ ਖਰਾਬ ਸੀ ਕਿ ਹਰ ਚੌਰਾਹੇ, ਹਰ ਗਲੀ ਅਤੇ ਹਰ ਕਸਬੇ ਵਿੱਚ ਸੁਰੱਖਿਆ ਬਲਾਂ ਦੀਆਂ ਟੁਕੜੀਆਂ ਤੈਨਾਤ ਰਹਿੰਦੀਆਂ ਸਨ। ਤਪਾ ਵਿਖੇ ਪ੍ਰਾਚੀਨ ਸਰਾਂ ਮੰਦਿਰ ਦੀ ਧਰਮਸ਼ਾਲਾ ਵਿੱਚ ਸੀਆਰਪੀਐਫ ਦੇ ਜਵਾਨ ਰਹਿੰਦੇ ਸਨ। ਡਿਊਟੀ ਦੀ ਥਕਾਵਟ ਤੋਂ ਕੁਝ ਸਮੇਂ ਲਈ ਰਾਹਤ ਲੈਣ ਵਾਸਤੇ ਉਹ ਅਕਸਰ ਸਾਡੇ ਕੋਲੋਂ ਵੀਸੀਆਰ ਅਤੇ ਵੀਡੀਓ ਕੈਸਟਾਂ ਲੈ ਕੇ ਫ਼ਿਲਮਾਂ ਵੇਖਦੇ ਸਨ। ਇੱਕ ਵੀਸੀਆਰ ਤਾਂ ਉੱਥੇ ਲਗਾਤਾਰ ਹੀ ਚੱਲਦਾ ਰਹਿੰਦਾ ਸੀ। ਸਾਡੀ ਦੁਕਾਨ ਮਸ਼ਹੂਰ ਹੋਣ ਕਰਕੇ ਜ਼ਿਆਦਾਤਰ ਵਾਰ ਸਾਡਾ ਹੀ ਨੰਬਰ ਲੱਗਦਾ ਸੀ। ਉਸ ਵੇਲੇ ਪਿੰਡਾਂ ਵਿੱਚ ਵੀ ਵੀਸੀਆਰ ਕਿਰਾਏ 'ਤੇ ਲੈ ਕੇ ਵਿਆਹਾਂ ਦੀਆਂ ਮੂਵੀਆਂ ਸਣੇ ਫਿਲਮਾਂ, ਪਰਿਵਾਰਕ ਸਮਾਗਮਾਂ ਦੀਆਂ ਰਿਕਾਰਡਿੰਗਾਂ ਇਕੱਠੇ ਬੈਠ ਕੇ ਵੇਖਣ ਦਾ ਬਹੁਤ ਰਿਵਾਜ ਸੀ। ਸ਼ਾਮ ਨੂੰ ਤਾਂ ਲਗਭਗ ਸਾਰੇ ਵੀਸੀਆਰ ਪਹਿਲਾਂ ਹੀ ਬੁੱਕ ਹੋ ਜਾਂਦੇ ਸਨ। ਇੱਕ ਦਿਨ ਦੁਪਹਿਰ ਵੇਲੇ ਸੀਆਰਪੀਐਫ ਦੇ ਜਵਾਨ ਸਾਡੀਆਂ ਦੁਕਾਨਾਂ 'ਤੇ ਆਏ। ਦੁਕਾਨਾਂ ਬੰਦ ਹੋਣ ਕਰਕੇ ਉਹ ਸਿਰਫ਼ ਸੁਨੇਹਾ ਛੱਡ ਕੇ ਚਲੇ ਗਏ ਕਿ ਸ਼ਾਮ ਨੂੰ ਇੱਕ ਵੀਸੀਆਰ ਭੇਜ ਦੇਣਾ। ਪਰ ਸ਼ਾਮ ਤੱਕ ਸਾਰੇ ਵੀਸੀਆਰ ਪਹਿਲਾਂ ਹੀ ਕਿਰਾਏ 'ਤੇ ਜਾ ਚੁੱਕੇ ਸਨ। ਜਦੋਂ ਉਹ ਮੁੜ ਆਏ ਤਾਂ ਅਸੀਂ ਨਿਮਰਤਾ ਨਾਲ ਕਿਹਾ ਕਿ ਹੁਣ ਕੋਈ ਵੀਸੀਆਰ ਖਾਲੀ ਨਹੀਂ ਹੈ। ਇਸ 'ਤੇ ਇੱਕ ਅਧਿਕਾਰੀ ਨੇ ਹੱਸਦਿਆਂ-ਹੱਸਦਿਆਂ ਤਨਜ਼ ਕੀਤਾ, "ਬਾਤ ਤੋ ਐਸੇ ਕਰ ਰਹੇ ਹੋ ਜੈਸੇ ਖੀਰ ਬਣਾਈ ਥੀ, ਮਗਰ ਖਾ ਗਏ।" ਮੈਂ ਬਚਪਨ ਤੋਂ ਹੀ ਮੂੰਹ -ਫਟ ਸੁਭਾਅ ਦਾ ਰਿਹਾ ਹਾਂ। ਮੇਰੇ ਮੂੰਹੋਂ ਵੀ ਤੁਰੰਤ ਨਿਕਲ ਗਿਆ, "ਸਰ, ਭਾਂਡੇ ਮਾਂਜਣ ਵਾਲੇ ਪਏ ਨੇ।" ਮੇਰੀ ਇਹ ਗੱਲ ਉਨ੍ਹਾਂ ਨੂੰ ਚੰਗੀ ਨਾ ਲੱਗੀ। ਉਹਨਾਂ ਨੇ ਮੈਨੂੰ ਅਤੇ ਮੇਰੇ ਨਾਲ ਵਾਲੇ ਦੁਕਾਨਦਾਰ ਸੁਨੀਲ ਨੂੰ ਜਿਪਸੀ ਵਿੱਚ ਬਿਠਾ ਲਿਆ। ਕੁਝ ਪਲਾਂ ਲਈ ਹਾਲਾਤ ਤਣਾਅਪੂਰਨ ਹੋ ਗਏ। ਹਾਲਾਂਕਿ ਪੁਲਿਸ ਨਾਲ ਸਾਡੇ ਪਰਿਵਾਰ ਦਾ ਪੁਰਾਣਾ ਜਾਣ-ਪਛਾਣ ਦਾ ਵਾਹ-ਵਾਸਤਾ ਹੋਣ ਕਰਕੇ ਮੇਰੇ ਮਨ ਵਿੱਚ ਡਰ ਕੁਝ ਘੱਟ ਸੀ। ਰਸਤੇ ਵਿੱਚ ਉਹਨਾਂ ਨੇ ਪੁੱਛਿਆ, "ਕੀ ਕਰਦੇ ਹੋ?"
ਮੈਂ ਦੱਸਿਆ, "ਬੀ.ਏ. ਪਾਸ ਕੀਤੀ ਹੈ ਅਤੇ ਵਕਾਲਤ ਦੀ ਪੜ੍ਹਾਈ ਲਈ ਦਾਖ਼ਲੇ ਦਾ ਪੇਪਰ ਦੇਣ ਦੀ ਗੱਲ ਕਹੀ, ਜੇ ਪਾਸ ਹੋ ਗਿਆ ਤਾਂ ਕਾਨੂੰਨ ਦੀ ਪੜ੍ਹਾਈ ਕਰਾਂਗਾ।" ਸ਼ਾਇਦ ਇਸ ਗੱਲ ਦਾ ਉਹਨਾਂ ਦੇ ਮਨ 'ਤੇ ਕੁਝ ਅਸਰ ਹੋਇਆ। ਉਹ ਸਾਨੂੰ ਮੁੱਖ ਸੜਕ ਤੋ ਪਾਰ ਤਾਜੋਕੇ ਕੈਂਚੀਆਂ ਤੇ ਲੈ ਗਏ ਅਤੇ ਕਹਿਣ ਲੱਗੇ, "ਯਾਰ, ਸਾਨੂੰ ਤੁਸੀ ਵੀਸੀਆਰ ਨਹੀਂ ਦਿੰਦੇ।" ਮੈਂ ਵੀ ਆਪਣੀ ਗੱਲ ਸਾਫ਼-ਸਾਫ਼ ਰੱਖੀ। "ਸਰ, ਸਾਡੇ ਘਰ ਦਾ ਗੁਜ਼ਾਰਾ ਤਾਂ ਇਹਨਾਂ ਵੀਸੀਆਰਾਂ ਤੋਂ ਹੀ ਚਲਦਾ ਹੈ। ਜੇ ਅਸੀਂ ਹਰ ਕਿਸੇ ਨੂੰ ਵੰਗਾਰ ਵਿੱਚ ਦੇਣ ਲੱਗ ਪਏ ਤਾਂ ਆਪਣੇ ਪਰਿਵਾਰ ਦਾ ਪੇਟ ਕਿਵੇਂ ਪਾਲਾਂਗੇ? ਸਾਲ ਵਿੱਚ ਇੱਕ-ਅੱਧ ਵਾਰ ਵੰਗਾਰ ਵਜੋਂ ਦੇ ਸਕਦੇ ਹਾਂ, ਪਰ ਜੇ ਹਰ ਵਾਰ ਤੁਹਾਡੇ ਲਈ ਹੀ ਰੱਖੀਏ ਤਾਂ ਸਾਡਾ ਕਾਰੋਬਾਰ ਕਿਵੇਂ ਚੱਲੇਗਾ?" ਮੇਰੇ ਨਾਲ ਬੈਠਾ ਸੁਨੀਲ ਤਾਂ ਪੂਰੀ ਤਰ੍ਹਾਂ ਘਬਰਾਇਆ ਹੋਇਆ ਸੀ ਅਤੇ ਮੈਨੂੰ ਚੂੰਡੀਆਂ ਵੱਢ ਕੇ ਚੁੱਪ ਰਹਿਣ ਦਾ ਇਸ਼ਾਰਾ ਕਰ ਰਿਹਾ ਸੀ, ਪਰ ਮੈਂ ਆਪਣੀ ਗੱਲ ਕਹਿਣ ਤੋਂ ਪਿੱਛੇ ਨਹੀਂ ਹਟਿਆ। ਆਖ਼ਰਕਾਰ ਸ਼ਾਇਦ ਉਹਨਾਂ ਨੇ ਸਾਡੀ ਸੱਚਾਈ ਅਤੇ ਹਾਲਾਤ ਨੂੰ ਸਮਝ ਲਿਆ। ਸਾਨੂੰ ਛੱਡਦਿਆਂ ਸਿਰਫ਼ ਇਹੀ ਕਿਹਾ, "ਅੱਗੇ ਤੋਂ ਅਜਿਹੀ ਟਿੱਪਣੀ ਨਾ ਕਰਿਆ ਕਰੋ।" ਮੈਂ ਵੀ ਮੁਸਕਰਾ ਕੇ ਕਿਹਾ, "ਸਰ, ਤੁਸੀਂ ਵੀ ਅਜਿਹੇ ਸਵਾਲ ਨਾ ਪੁੱਛਿਆ ਕਰੋ।" ਗੱਲ ਉੱਥੇ ਹੀ ਮੁੱਕ ਗਈ ਅਤੇ ਅਸੀਂ ਆਪਣੀਆਂ ਦੁਕਾਨਾਂ ਵੱਲ ਵਾਪਸ ਆ ਗਏ। ਅੱਜ ਜਦੋਂ ਉਸ ਦੌਰ ਨੂੰ ਯਾਦ ਕਰਦਾ ਹਾਂ ਤਾਂ ਅਹਿਸਾਸ ਹੁੰਦਾ ਹੈ ਕਿ ਉਹ ਸਮਾਂ ਕਿਸੇ ਇੱਕ ਧਿਰ ਦਾ ਨਹੀਂ, ਸਗੋਂ ਪੂਰੇ ਪੰਜਾਬ ਦਾ ਇਮਤਿਹਾਨ ਸੀ। ਹਰ ਪਾਸੇ ਬੇਭਰੋਸਾ, ਡਰ ਅਤੇ ਹਿੰਸਾ ਦਾ ਸਾਇਆ ਸੀ। ਹਰ ਧਿਰ ਦੇ ਆਪਣੇ ਤਰਕ, ਆਪਣੇ ਵਿਸ਼ਵਾਸ ਅਤੇ ਆਪਣੀਆਂ ਸੋਚਾਂ ਸਨ, ਪਰ ਸਭ ਤੋਂ ਵੱਡਾ ਨੁਕਸਾਨ ਪੰਜਾਬ ਨੇ ਝੱਲਿਆ। ਉਸ ਅੱਗ ਵਿੱਚ ਕੋਈ ਸਿੱਖ ਮਰਿਆ, ਕੋਈ ਹਿੰਦੂ, ਕੋਈ ਪੁਲਿਸ ਦਾ ਜਵਾਨ, ਕੋਈ ਸੀਆਰਪੀਐਫ ਦਾ ਜਵਾਨ—ਪਰ ਸਭ ਤੋਂ ਵੱਧ ਜ਼ਖ਼ਮੀ ਹੋਈ ਇਨਸਾਨੀਅਤ। ਰਿਸ਼ਤੇ ਟੁੱਟੇ, ਭਰੋਸਾ ਟੁੱਟਿਆ ਅਤੇ ਪੰਜਾਬ ਦੀ ਰੂਹ ਜ਼ਖ਼ਮੀ ਹੋ ਗਈ। ਜਿਸ ਪੰਜਾਬ ਨੂੰ ਕਦੇ "ਸੋਨੇ ਦੀ ਚਿੜੀ" ਕਿਹਾ ਜਾਂਦਾ ਸੀ, ਉਸ ਸੋਨੇ ਦੀ ਚਿੜੀ ਦੇ ਖੰਭ ਇਸ ਕਾਲੇ ਦੌਰ ਨੇ ਨੋਚ ਦਿੱਤੇ। ਉਹਨਾਂ ਜ਼ਖ਼ਮਾਂ ਦੇ ਨਿਸ਼ਾਨ ਅੱਜ ਵੀ ਲੋਕਾਂ ਦੀਆਂ ਯਾਦਾਂ ਵਿੱਚ ਤਾਜ਼ਾ ਹਨ। ਸ਼ਾਇਦ ਸਮਾਂ ਅੱਗੇ ਲੰਘ ਜਾਂਦਾ ਹੈ, ਪਰ ਇਤਿਹਾਸ ਦੇ ਕੁਝ ਦਰਦ ਅਜਿਹੇ ਹੁੰਦੇ ਹਨ ਜੋ ਪੀੜ੍ਹੀਆਂ ਤੱਕ ਮਹਿਸੂਸ ਹੁੰਦੇ ਰਹਿੰਦੇ ਹਨ। ਇਸ ਲਈ ਇਤਿਹਾਸ ਨੂੰ ਯਾਦ ਕਰਨ ਦਾ ਮਕਸਦ ਕਿਸੇ ਨੂੰ ਦੋਸ਼ੀ ਜਾਂ ਬੇਦੋਸ਼ ਠਹਿਰਾਉਣਾ ਨਹੀਂ, ਸਗੋਂ ਇਹ ਯਕੀਨੀ ਬਣਾਉਣਾ ਹੈ ਕਿ ਅਜਿਹਾ ਕਾਲਾ ਦੌਰ ਮੁੜ ਕਦੇ ਪੰਜਾਬ ਜਾਂ ਕਿਸੇ ਵੀ ਸਮਾਜ ਦੀ ਕਿਸਮਤ ਨਾ ਬਣੇ। ਸ਼ਾਂਤੀ, ਭਾਈਚਾਰਾ ਅਤੇ ਇਨਸਾਨੀਅਤ ਹੀ ਉਹ ਰਾਹ ਹਨ ਜੋ ਕਿਸੇ ਵੀ ਸਮਾਜ ਨੂੰ ਅਸਲ ਮਾਇਨਿਆਂ ਵਿੱਚ ਖੁਸ਼ਹਾਲ ਬਣਾਉਂਦੇ ਹਨ।
ਪੇਸ਼ਕਸ਼ - ਲੁਭਾਸ਼ ਸਿੰਗਲਾ, 94654-30643,