ਨਵੀਂ ਹਲਕਾਬੰਦੀ ਬਦਲੇਗੀ ਸਿਆਸੀ ਸਮੀਕਰਨ: ਬਰਨਾਲਾ ਲੋਕ ਸਭਾ ਤੇ ਤਪਾ ਜਾਂ ਧਨੌਲਾ ਵਿਧਾਨ ਸਭਾ ਹਲਕਾ ਬਨਣ ਦੀ ਸੰਭਾਵਨਾ
---ਕੇਂਦਰ ਦੇ 50 ਫ਼ੀਸਦੀ ਸੀਟਾਂ ਵਧਾਉਣ ਦੇ ਫਾਰਮੂਲੇ ਨਾਲ ਬਰਨਾਲਾ ਦੀ ਸਿਆਸਤ ’ਚ ਵੱਡੇ ਉਲਟਫੇਰ ਦੇ ਸੰਕੇਤ
---ਛੋਟੇ ਹਲਕੇ, ਵੱਡੀ ਸਹੂਲਤ: ਹੁਣ ਚੁਣੇ ਨੁਮਾਇੰਦਿਆਂ ਤੱਕ ਆਮ ਲੋਕਾਂ ਦੀ ਪਹੁੰਚ ਹੋਵੇਗੀ ਹੋਰ ਵੀ ਸੁਖਾਲੀ
---ਨਵੀਂ ਹੱਦਬੰਦੀ ਨਾਲ ਬਰਨਾਲਾ ਨੂੰ ਮਿਲੇਗੀ ਵੱਖਰੀ ਸਿਆਸੀ ਪਛਾਣ, ਵਿਕਾਸ ਕਾਰਜਾਂ ਨੂੰ ਲੱਗਣਗੇ ਨਵੇਂ ਖੰਭ
ਬਰਨਾਲਾ 28 ਨਵੰਬਰ (ਸੁਰਿੰਦਰ ਗੋਇਲ) : - ਦੇਸ਼ ਦੀ ਰਾਜਨੀਤੀ ’ਚ ਆਉਣ ਵਾਲੇ ਸਮੇਂ ਦੌਰਾਨ ਹੋਣ ਵਾਲੀ ਨਵੀਂ ਹਲਕਾਬੰਦੀ ਨੂੰ ਲੈ ਕੇ ਸਿਆਸੀ ਗਲਿਆਰਿਆਂ ’ਚ ਹਲਚਲ ਤੇਜ਼ ਹੋ ਗਈ ਹੈ। ਕੇਂਦਰ ਸਰਕਾਰ ਵੱਲੋਂ ਲੋਕ ਸਭਾ ਤੇ ਵਿਧਾਨ ਸਭਾ ਸੀਟਾਂ ’ਚ 50 ਫ਼ੀਸਦੀ ਵਾਧਾ ਕਰਨ ਦੇ ਸੰਭਾਵੀ ਫਾਰਮੂਲੇ ਦੇ ਲਾਗੂ ਹੋਣ ਤੋਂ ਬਾਅਦ ਪੰਜਾਬ ਦੇ ਸਿਆਸੀ ਨਕਸ਼ੇ ’ਚ ਵੱਡੇ ਬਦਲਾਅ ਦੇ ਸੰਕੇਤ ਦੇ ਦਿੱਤੇ ਹਨ। ਇਸ ਨਵੇਂ ਸਮੀਕਰਨ ਤਹਿਤ ਜਿੱਥੇ ਪੂਰੇ ਸੂਬੇ ਦੀ ਹਲਕਾਬੰਦੀ ਦਾ ਸਿਆਸੀ ਦ੍ਰਿਸ਼ ਪੂਰੀ ਤਰ੍ਹਾਂ ਬਦਲ ਜਾਵੇਗਾ। ਉੱਥੇ ਹੀ ਮਾਲਵੇ ਦੇ ਅਹਿਮ ਕੇਂਦਰ ਵਜੋਂ ਜਾਣੇ ਜਾਂਦੇ ਜ਼ਿਲ੍ਹਾ ਬਰਨਾਲਾ ਦੀ ਸਿਆਸਤ ’ਚ ਵੀ ਇਤਿਹਾਸਕ ਮੋੜ ਆਉਣਾ ਤੈਅ ਮੰਨਿਆ ਜਾ ਰਿਹਾ ਹੈ। ਸਿਆਸੀ ਮਾਹਿਰਾਂ ਅਨੁਸਾਰ ਨਵੀਂ ਹੱਦਬੰਦੀ ਦੌਰਾਨ ਬਰਨਾਲਾ ਨੂੰ ਵੱਖਰਾ ਲੋਕ ਸਭਾ ਹਲਕਾ ਤੇ ਕਸਬਾ ਤਪਾ ਜਾਂ ਧਨੌਲਾ ਨੂੰ ਨਵਾਂ ਵਿਧਾਨ ਸਭਾ ਹਲਕਾ ਬਣਾਏ ਜਾਣ ਦੀ ਸੰਭਾਵਨਾ ਹੈ। ਜਿਸ ਨਾਲ ਇਲਾਕੇ ਦੀ ਸਿਆਸੀ ਤਸਵੀਰ ਤੇ ਤਕਦੀਰ ਦੋਵੇਂ ਬਦਲ ਜਾਣਗੀਆਂ। ਹੁਣ ਤੱਕ ਬਰਨਾਲਾ ਜ਼ਿਲ੍ਹਾ ਸੰਗਰੂਰ ਲੋਕ ਸਭਾ ਹਲਕੇ ਦਾ ਹਿੱਸਾ ਰਿਹਾ ਹੈ। ਜਿਸ ਕਾਰਨ ਇਸ ਖੇਤਰ ਦੀ ਆਪਣੀ ਸੁਤੰਤਰ ਸੰਸਦੀ ਪਛਾਣ ਨਹੀਂ ਬਣ ਸਕੀ ਸੀ। ਪਰ ਨਵੇਂ ਫਾਰਮੂਲੇ ਤਹਿਤ ਬਰਨਾਲਾ ਦੇ ਵੱਖਰਾ ਲੋਕ ਸਭਾ ਹਲਕਾ ਬਣਨ ਤੇ ਧਨੌਲਾ ਦੇ ਵਿਧਾਨ ਸਭਾ ਹਲਕਾ ਵਜੋਂ ਉਭਰਨ ਨਾਲ ਸਥਾਨਕ ਆਗੂਆਂ ਲਈ ਸਿਆਸੀ ਮੌਕਿਆਂ ਦੇ ਨਵੇਂ ਦਰਵਾਜ਼ੇ ਖੁੱਲ੍ਹਣਗੇ। ਇਸ ਬਦਲਾਅ ਨਾਲ ਨਾ ਸਿਰਫ਼ ਰਵਾਇਤੀ ਸਿਆਸੀ ਪਾਰਟੀਆਂ ਨੂੰ ਆਪਣੀਆਂ ਰਣਨੀਤੀਆਂ ਮੁੜ ਘੜਨੀਆਂ ਪੈਣਗੀਆਂ। ਸਗੋਂ ਨਵੀਂ ਲੀਡਰਸ਼ਿਪ ਨੂੰ ਵੀ ਅੱਗੇ ਆਉਣ ਦਾ ਮੌਕਾ ਮਿਲੇਗਾ। ਲੋਕਾਂ ’ਚ ਇਸ ਗੱਲ ਨੂੰ ਲੈ ਕੇ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਕਿ ਵੱਖਰਾ ਸੰਸਦੀ ਹਲਕਾ ਬਣਨ ਨਾਲ ਬਰਨਾਲਾ ਨੂੰ ਕੇਂਦਰੀ ਗ੍ਰਾਂਟਾਂ ਤੇ ਵੱਡੇ ਵਿਕਾਸ ਪ੍ਰੋਜੈਕਟ ਸਿੱਧੇ ਤੌਰ ’ਤੇ ਮਿਲ ਸਕਣਗੇ।
---ਚੋਣ ਪ੍ਰਕਿਰਿਆ ਤੇ ਲੋਕਤੰਤਰੀ ਸਹੂਲਤਾਂ ’ਤੇ ਪਵੇਗਾ ਸਕਾਰਾਤਮਕ ਅਸਰ
ਇਸ ਨਵੀਂ ਹਲਕਾਬੰਦੀ ਦਾ ਸਭ ਤੋਂ ਵੱਡਾ ਤੇ ਸਕਾਰਾਤਮਕ ਅਸਰ ਚੋਣ ਪ੍ਰਕਿਰਿਆ ਤੇ ਲੋਕਤੰਤਰੀ ਸਹੂਲਤਾਂ ’ਤੇ ਪਵੇਗਾ। ਹਲਕਿਆਂ ਦਾ ਆਕਾਰ ਮੁਕਾਬਲਤਨ ਛੋਟਾ ਹੋਣ ਕਾਰਨ ਚੋਣਾਂ ਦੌਰਾਨ ਉਮੀਦਵਾਰਾਂ ਲਈ ਹਰ ਪਿੰਡ, ਵਾਰਡ ਤੇ ਘਰ ਤਕ ਪਹੁੰਚ ਕਰਨੀ ਸੌਖੀ ਹੋ ਜਾਵੇਗੀ। ਪਹਿਲਾਂ ਵੱਡੇ ਹਲਕੇ ਹੋਣ ਕਾਰਨ ਉਮੀਦਵਾਰ ਚੋਣ ਪ੍ਰਚਾਰ ਦੌਰਾਨ ਸਾਰੇ ਇਲਾਕਿਆਂ ਨੂੰ ਪੂਰਾ ਸਮਾਂ ਨਹੀਂ ਦੇ ਪਾਉਂਦੇ ਸਨ। ਜਿਸ ਕਾਰਨ ਕਈ ਪਿੰਡ ਤੇ ਮੁਹੱਲੇ ਅਣਗੌਲੇ ਰਹਿ ਜਾਂਦੇ ਸਨ। ਪਰ ਹੁਣ ਘੱਟ ਖੇਤਰ ਹੋਣ ਸਦਕਾ ਉਮੀਦਵਾਰ ਵੋਟਰਾਂ ਨਾਲ ਸਿੱਧਾ ਰਾਬਤਾ ਕਾਇਮ ਕਰ ਸਕਣਗੇ ਤੇ ਉਨ੍ਹਾਂ ਦੀਆਂ ਬੁਨਿਆਦੀ ਸਮੱਸਿਆਵਾਂ ਨੂੰ ਨੇੜਿਓਂ ਸਮਝ ਸਕਣਗੇ।
---ਲੋਕਾਂ ਦੀ ਨੁਮਾਇੰਦਿਆਂ ਤਕ ਪਹੁੰਚ ਕਰਨੀ ਹੋ ਜਾਵੇਗੀ ਸੁਖਾਲੀ
ਦੂਜੇ ਪਾਸੇ ਆਮ ਲੋਕਾਂ ਲਈ ਵੀ ਇਹ ਬਦਲਾਅ ਕਿਸੇ ਵਰਦਾਨ ਤੋਂ ਘੱਟ ਸਾਬਤ ਨਹੀਂ ਹੋਵੇਗਾ। ਅਕਸਰ ਲੋਕਾਂ ਦੀ ਇਹ ਸ਼ਿਕਾਇਤ ਰਹਿੰਦੀ ਸੀ ਕਿ ਚੋਣਾਂ ਜਿੱਤਣ ਤੋਂ ਬਾਅਦ ਸੰਸਦ ਮੈਂਬਰ ਜਾਂ ਵਿਧਾਇਕ ਨੂੰ ਮਿਲਣ ਲਈ ਉਨ੍ਹਾਂ ਨੂੰ ਦੂਰ-ਦੁਰਾਡੇ ਚੱਕਰ ਕੱਟਣੇ ਪੈਂਦੇ ਹਨ ਤੇ ਕਈ ਵਾਰ ਨਿਰਾਸ਼ ਹੀ ਪਰਤਣਾ ਪੈਂਦਾ ਹੈ। ਬਰਨਾਲਾ ਲੋਕ ਸਭਾ ਤੇ ਧਨੌਲਾ ਵਿਧਾਨ ਸਭਾ ਹਲਕਾ ਹੋਂਦ ’ਚ ਆਉਣ ਨਾਲ ਆਮ ਲੋਕਾਂ ਨੂੰ ਆਪਣੇ ਚੁਣੇ ਹੋਏ ਨੁਮਾਇੰਦਿਆਂ ਤਕ ਪਹੁੰਚ ਕਰਨੀ ਸੁਖਾਲੀ ਹੋ ਜਾਵੇਗੀ। ਲੋਕ ਆਪਣੇ ਛੋਟੇ-ਵੱਡੇ ਕੰਮਾਂ, ਪ੍ਰਸ਼ਾਸਨਿਕ ਦਿੱਕਤਾਂ ਤੇ ਇਲਾਕੇ ਦੀਆਂ ਮੰਗਾਂ ਨੂੰ ਲੈ ਕੇ ਸਿੱਧਾ ਆਪਣੇ ਨੁਮਾਇੰਦੇ ਕੋਲ ਪੁੱਜ ਸਕਣਗੇ। ਜਿਸ ਨਾਲ ਲੋਕਾਂ ਤੇ ਨੁਮਾਇਮਦਿਆਂ ਵਿਚਕਾਰਲੀ ਦੂਰੀ ਖਤਮ ਹੋਵੇਗੀ।
---ਸੰਭਾਵੀ ਕਦਮ ਬਰਨਾਲਾ ਜ਼ਿਲ੍ਹੇ ਲਈ ਲੈ ਕੇ ਆਵੇਗਾ ਨਵੀਂ ਸਿਆਸੀ ਸਵੇਰ
ਇਸ ਤੋਂ ਇਲਾਵਾ ਇਸ ਪ੍ਰਬੰਧਕੀ ਤੇ ਸਿਆਸੀ ਵੰਡ ਨਾਲ ਚੁਣੇ ਹੋਏ ਨੁਮਾਇੰਦਿਆਂ ਉੱਪਰੋਂ ਕੰਮ ਦਾ ਬੇਲੋੜਾ ਬੋਝ ਵੀ ਕਾਫ਼ੀ ਹੱਦ ਤੱਕ ਘਟੇਗਾ। ਜਦੋਂ ਇੱਕ ਵਿਧਾਇਕ ਜਾਂ ਸੰਸਦ ਮੈਂਬਰ ਕੋਲ ਸੀਮਤ ਆਬਾਦੀ ਤੇ ਘੱਟ ਪਿੰਡਾਂ ਦੀ ਜ਼ਿੰਮੇਵਾਰੀ ਹੋਵੇਗੀ ਤਾਂ ਉਹ ਵਧੇਰੇ ਇਕਾਗਰਤਾ ਤੇ ਕੁਸ਼ਲਤਾ ਨਾਲ ਵਿਕਾਸ ਕਾਰਜਾਂ ਦੀ ਨਿਗਰਾਨੀ ਕਰ ਸਕੇਗਾ। ਫੰਡਾਂ ਦੀ ਵੰਡ ਵਧੇਰੇ ਪਾਰਦਰਸ਼ੀ ਤੇ ਸੰਤੁਲਿਤ ਤਰੀਕੇ ਨਾਲ ਹੋਵੇਗੀ ਤੇ ਹਰ ਹਲਕੇ ਦਾ ਸਰਵਪੱਖੀ ਵਿਕਾਸ ਯਕੀਨੀ ਬਣ ਸਕੇਗਾ। ਕੁੱਲ ਮਿਲਾ ਕੇ ਕੇਂਦਰ ਸਰਕਾਰ ਦਾ ਇਹ ਸੰਭਾਵੀ ਕਦਮ ਬਰਨਾਲਾ ਜ਼ਿਲ੍ਹੇ ਲਈ ਨਵੀਂ ਸਿਆਸੀ ਸਵੇਰ ਲੈ ਕੇ ਆਵੇਗਾ। ਜੋ ਲੋਕਤੰਤਰ ਦੀਆਂ ਜੜ੍ਹਾਂ ਨੂੰ ਹੇਠਲੇ ਪੱਧਰ ਤੱਕ ਮਜ਼ਬੂਤ ਕਰਨ ’ਚ ਅਹਿਮ ਭੂਮਿਕਾ ਨਿਭਾਏਗਾ।